ਮੈਲਬਰਨ: ਆਸਟ੍ਰੇਲੀਆਈ ਓਪਨ ਦੇ ਫ਼ਾਈਨਲ ਮੁਕਾਬਲੇ ’ਚ ਪੁੱਜੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਐਲਬਨੀਜ਼ ਨੂੰ ਟਰਾਫ਼ੀ ਸੈਰੇਮਨੀ ਲਈ ਨਾਮ ਬੋਲਦਿਆਂ ਹੀ ਪੂਰੇ ਸਟੇਡੀਅਮ ’ਚ ਉਨ੍ਹਾਂ ਵਿਰੁਧ ਲੋਕਾਂ ਨੇ ਉੱਚੀ ਆਵਾਜ਼ ’ਚ ‘Boo’ ਕਰਨਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਦਾ ਠੰਢਾ ਸਵਾਗਤ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਨੈਸ਼ਨਲ ਪ੍ਰੈੱਸ ਕਲੱਬ ‘ਚ ਟੈਕਸ ‘ਚ ਕਟੌਤੀ ਕਰਨ ਦੀ ਪੁਸ਼ਟੀ ਕੀਤੀ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਮਕਬੂਲੀਅਤ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ, ਕਿਉਂਕਿ ਪਿਛਲੇ ਸਾਲ ਜਦੋਂ ਉਹ ਇਸੇ ਸਟੇਡੀਅਮ ’ਚ ਪੁੱਜੇ ਸਨ ਤਾਂ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਐਤਵਾਰ ਦੀ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਫੈਲ ਰਹੇ ਹਨ।
ਰੋਡ ਲੇਵਰ ਅਰੇਨਾ ‘ਚ ਐਲਬਨੀਜ਼ ਅਤੇ ਉਨ੍ਹਾਂ ਦੀ ਪਾਰਟਨਰ ਜੋਡੀ ਹੇਡਨ ਆਸਟ੍ਰੇਲੀਅਨ ਓਪਨ ਦਾ ਫ਼ਾਈਨਲ ਮੁਕਾਬਲਾ ਵੇਖਣ ਲਈ ਪੁੱਜੇ ਸਨ ਜੋ ਇਟਲੀ ਦੇ ਜੈਨਿਕ ਸਿਨਰ ਅਤੇ ਰੂਸ ਦੇ ਡੈਨਿਲ ਮੇਦਵੇਦੇਵ ਵਿਚਕਾਰ ਹੋ ਰਿਹਾ ਸੀ। 22 ਸਾਲਾਂ ਦੇ ਸਿਨਰ ਨੇ ਫ਼ਾਈਨਲ ਮੁਕਾਬਲਾ ਜਿੱਤ ਕੇ ਪਹਿਲੀ ਵਾਰੀ ਇਟਲੀ ਦੀ ਝੋਲੀ ’ਚ ਆਸਟ੍ਰੇਲੀਅਨ ਓਪਨ ਪਾਇਆ ਹੈ।
ਇਹ ਤਾਂ ਰਿਵਾਜ ਵਾਂਗ ਹੈ : ਐਲਬਨੀਜ਼
ਪ੍ਰਧਾਨ ਮੰਤਰੀ ਨੇ ਸੋਮਵਾਰ ਸਵੇਰੇ ਮੈਲਬੌਰਨ ਦੇ Fox FM ਰੇਡੀਓ ਨਾਲ ਗੱਲਬਾਤ ਕਰਦਿਆਂ ਮਿਲੀ ਪ੍ਰਤੀਕਿਰਿਆ ਦਾ ਜਵਾਬ ਦਿੱਤਾ। ਹੋਸਟ ਨਿਕ ਕੋਡੀ ਨੇ ਪੁੱਛਿਆ ਸੀ, ‘‘ਕੀ ਤੁਹਾਨੂੰ ਲੋਕਾਂ ਦੇ ਇਸ ਤਰ੍ਹਾਂ ਦੇ ਹੁੰਗਾਰੇ ਦੀ ਉਮੀਦ ਸੀ, ਅਲਬੋ?’’ ਜਵਾਬ ’ਚ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ, ‘‘ਇਹ ਤਾਂ ਆਸਟ੍ਰੇਲੀਆਈ ਖੇਡ ਵਿੱਚ ਰਿਵਾਜ ਜਿਹਾ ਬਣ ਗਿਆ ਹੈ, ਹੈ ਨਾ?’’
ਪ੍ਰਧਾਨ ਮੰਤਰੀ ਨੂੰ ਟੈਕਸ ਸੁਧਾਰਾਂ ਨੂੰ ਲੈ ਕੇ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨੂੰ ‘ਤੋੜੇ ਗਏ ਵਾਅਦਿਆਂ ਦੀ ਮਾਂ’ ਦੱਸਿਆ ਗਿਆ ਹੈ। ਐਲਬਨੀਜ਼ ਨੇ ਪਿਛਲੇ ਵੀਰਵਾਰ ਨੂੰ ਕੈਨਬਰਾ ਵਿਚ ਆਪਣੇ ਭਾਸ਼ਣ ਦੌਰਾਨ ਟੈਕਸ ਸੋਧਾਂ ਦਾ ਬਚਾਅ ਕੀਤਾ ਸੀ, ਹਾਲਾਂਕਿ ਉਹ ਕਈ ਮਹੀਨਿਆਂ ਤੋਂ ਟੈਕਸ ਕਟੌਤੀ ਤੋਂ ਇਨਕਾਰ ਕਰਦੇ ਰਹੇ ਸਨ। ਟੈਕਸਾਂ ’ਚ ਬਦਲਾਅ ਤੋਂ ਬਾਅਦ ਘੱਟ ਆਮਦਨ ਵਾਲਿਆਂ ਨੂੰ ਥੋੜ੍ਹਾ ਟੈਕਸ ਭਰਨਾ ਪਵੇਗਾ, ਜਦਕਿ ਅਮੀਰਾਂ ਨੂੰ ਹੋਣ ਵਾਲੀ ਟੈਕਸ ਕਟੌਤੀ ਘੱਟ ਕਰ ਦਿਤੀ ਗਈ ਹੈ।
ਜਦਕਿ ਆਜ਼ਾਦ ਸੈਨੇਟਰ ਜੈਕੀ ਲੈਂਬੀ ਨੇ ਪ੍ਰਧਾਨ ਮੰਤਰੀ ਵਿਰੁਧ ਨਾਅਰੇਬਾਜ਼ੀ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ, ‘‘ਸਾਡੀਆਂ ਕਦਰਾਂ ਕੀਮਤਾਂ ਕਿੱਥੇ ਗਈਆਂ? ਟੈਨਿਸ ਫਾਈਨਲ ਦੇਖਣ ਲਈ ਅਮੀਰ ਲੋਕ ਪੁੱਜਦੇ ਹਨ ਜੋ ਪ੍ਰਧਾਨ ਮੰਤਰੀ ਦੀ ਤੋਏ-ਤੋਏ ਸਿਰਫ਼ ਇਸ ਲਈ ਕਰ ਰਹੇ ਸਨ ਕਿ ਉਨ੍ਹਾਂ ਤੋਂ ਥੋੜ੍ਹਾ ਜਿਹਾ ਟੈਕਸ ਲੈ ਕੇ ਅਤੇ ਘੱਟ ਕਿਸਮਤ ਵਾਲੇ ਲੋਕਾਂ ਨੂੰ ਦਿੱਤਾ ਜਾਵੇਗਾ। ਮੇਰੇ ਵਰਗੇ ਤਾਂ ਇਸ ਫੈਸਲੇ ਨੂੰ ਖ਼ੁਸ਼ੀ ਨਾਲ ਕਬੂਲ ਕਰਨਗੇ।’’ ਹਾਲਾਂਕਿ NSW ਦੀ ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਦੀਆਂ ਕਾਰਵਾਈ ਇੱਕ ‘ਮਹਾਨ ਆਸਟ੍ਰੇਲੀਆਈ ਪਰੰਪਰਾ’ ਦਾ ਹਿੱਸਾ ਸਨ।