ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨਵਵਿਆਹੁਤਾ ਸਿੱਖ ਦੀ ਡੁਨੇਡਿਨ ‘ਚ ਮਿਲੀ ਲਾਸ਼

ਮੈਲਬਰਨ: ਨਿਊਜ਼ੀਲੈਂਡ ’ਚ ਇੱਕ ਸਿੱਖ ਨੌਜੁਆਨ ਸੋਮਵਾਰ ਸਵੇਰੇ ਡੁਨੇਡਿਨ ਵਿਚ ਮ੍ਰਿਤਕ ਪਾਇਆ ਗਿਆ। ਮ੍ਰਿਤਕ ਗੁਰਜੀਤ ਸਿੰਘ ਦਾ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਅਗਲੇ ਮਹੀਨੇ ਹੀ ਆਪਣੀ ਪਤਨੀ ਦੇ ਨਿਊਜ਼ੀਲੈਂਡ ’ਚ ਆਉਣ ਦੀ ਉਡੀਕ ਕਰ ਰਿਹਾ ਸੀ। ਉਹ Chorus ਲਈ ਕੰਮ ਕਰਦਾ ਸੀ। 28 ਸਾਲ ਦਾ ਗੁਰਜੀਤ ਸਿੰਘ ਆਪਣੀ ਰਿਹਾਇਸ਼ ਦੇ ਬਾਹਰ ਖੂਨ ਨਾਲ ਲਥਪਥ ਹਾਲਤ ’ਚ ਮਿਲਿਆ ਅਤੇ ਉਸ ਦੇ ਘਰ ਦੇ ਸ਼ੀਸ਼ੇ ਟੁੱਟੇ ਹੋਏ ਸਨ। ਪੁਲਿਸ ਹੁਣ ਤੱਕ ਇਸ ਨੂੰ “ਅਣਜਾਣ ਹਾਲਾਤ ’ਚ ਮੌਤ” ਦਾ ਮਾਮਲਾ ਦੱਸ ਰਹੀ ਹੈ।

ਪੁਲਿਸ ਨੂੰ ਸੂਚਨਾ ਗੁਰਜੀਤ ਸਿੰਘ ਦੇ ਇਕ ਦੋਸਤ ਨੇ ਦਿੱਤੀ ਜੋ ਉਸ ਦਾ ਪਤਾ ਲੈਣ ਆਇਆ ਸੀ, ਕਿਉਂਕਿ ਉਹ ਕੁਝ ਦਿਨਾਂ ਤੋਂ ਚੁੱਪ ਸੀ। ਛੇ ਮਹੀਨੇ ਪਹਿਲਾਂ ਭਾਰਤ ‘ਚ ਵਿਆਹ ਦੇ ਬੰਧਨ ‘ਚ ਬੱਝੇ ਇਸ ਨੌਜਵਾਨ ਨੇ ਲਿਬਰਟਨ ਦੇ ਡੁਨੇਡਿਨ ਉਪਨਗਰ ‘ਚ ਹਿਲੇਰੀ ਸੇਂਟ ਸਥਿਤ ਆਪਣੀ ਰਿਹਾਇਸ਼ ‘ਤੇ ਕਿਸੇ ਦੇ ਜਬਰਨ ਦਾਖ਼ਲ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ। ਉਹ ਕਥਿਤ ਤੌਰ ‘ਤੇ ਸੁਰੱਖਿਆ ਕੈਮਰੇ ਲਗਾਉਣ ਦੀ ਸੰਭਾਵਨਾ ਦੀ ਪੜਚੋਲ ਕਰ ਰਿਹਾ ਸੀ ਅਤੇ ਸ਼ੱਕ ਜ਼ਾਹਰ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਅਪਰਾਧਿਕ ਜਾਂਚ ਸ਼ਾਖਾ (CIB) ਸਮੇਤ ਐਮਰਜੈਂਸੀ ਸੇਵਾਵਾਂ ਸੋਮਵਾਰ ਸਵੇਰੇ ਕਰੀਬ 9 ਵਜੇ ਮੌਕੇ ‘ਤੇ ਪਹੁੰਚੀਆਂ ਪਰ ਪੈਰਾਮੈਡੀਕਲ ਕਰਮਚਾਰੀ ਗੁਰਜੀਤ ਸਿੰਘ ਨੂੰ ਬਚਾ ਨਹੀਂ ਸਕੇ। ਗੁਰਜੀਤ ਸਿੰਘ ਦੇ ਦੋਸਤ ਉਸ ਨੂੰ “ਚੰਗਾ ਮੁੰਡਾ” ਅਤੇ “ਬਹੁਤ ਮਿਹਨਤੀ” ਦੱਸਦੇ ਹਨ। ਪੁਲਿਸ ਨੇ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਹਮਲਾ ਵਿਸ਼ੇਸ਼ ਤੌਰ ‘ਤੇ ਗੁਰਜੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਜਾਂ 28 ਤੋਂ 29 ਜਨਵਰੀ ਦੇ ਵਿਚਕਾਰ ਹਿਲੇਰੀ ਸਟ੍ਰੀਟ ‘ਤੇ ਅਸਾਧਾਰਣ ਗਤੀਵਿਧੀਆਂ ਵੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਉਹ 105 ‘ਤੇ ਉਨ੍ਹਾਂ ਨਾਲ ਸੰਪਰਕ ਕਰਨ ਜਾਂ ਫਾਈਲ ਨੰਬਰ 240129/7479 ਦਾ ਹਵਾਲਾ ਦਿੰਦੇ ਹੋਏ 105.police.govt.nz ‘ਤੇ ਆਨਲਾਈਨ ਰਿਪੋਰਟ ਬਣਾਉਣ।

Leave a Comment