ਮੈਲਬਰਨ : ਕੁਈਨਜ਼ਲੈਂਡ ’ਚ ਇੱਕ ਸਰਕਾਰੀ ਕਰਮਚਾਰੀ ਪ੍ਰਤੀਕ ਸ਼ਾਹ (45) ਨੂੰ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਰਾਈਡਸ਼ੇਅਰ ਡਰਾਈਵਰ ਹੋਣ ਦਾ ਦਿਖਾਵਾ ਕਰ ਕੇ ਔਰਤਾਂ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਉਸ ਨੇ 2021 ਵਿੱਚ ਦੋ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਘਟਨਾ ਦੇ ਸਮੇਂ ਉਹ ਆਪਣੀ ਪਤਨੀ ਦੀ ਕਾਰ ਚਲਾ ਰਿਹਾ ਸੀ ਅਤੇ ਰਾਈਡਸ਼ੇਅਰ ਦੇ ਸੰਕੇਤ ਪ੍ਰਦਰਸ਼ਿਤ ਕਰ ਰਿਹਾ ਸੀ। ਸ਼ਾਹ ਨੂੰ ਜਿਨਸੀ ਸ਼ੋਸ਼ਣ ਦੇ ਤਿੰਨ ਦੋਸ਼ਾਂ ਅਤੇ ਚੋਰੀ ਦੇ ਇਕ ਮਾਮਲੇ ਵਿਚ ਦੋਸ਼ੀ ਮੰਨਣ ਤੋਂ ਬਾਅਦ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਕਿ ਸ਼ਾਹ ਨੂੰ ਬਚਪਨ ਵਿੱਚ ਦਿਮਾਗ ਵਿੱਚ ਸੱਟ ਲੱਗੀ ਸੀ, ਉਹ ADHD ਸੀ, ਅਤੇ ਉਸ ਸਮੇਂ ਉਹ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਸੀ ਜਦੋਂ ਉਸਨੇ ਔਰਤਾਂ ਨਾਲ ਛੇੜਛਾੜ ਕੀਤੀ ਸੀ। ਉਸ ਨੂੰ 8 ਮਈ ਨੂੰ ਪ੍ਰੋਬੇਸ਼ਨ ‘ਤੇ ਰਿਹਾਅ ਕੀਤਾ ਜਾਵੇਗਾ।
ਪੀੜਤ ਪਰਿਵਾਰਾਂ ਨੇ ਆਪਣੀ ਪਰੇਸ਼ਾਨੀ ਜ਼ਾਹਰ ਕਰਦਿਆਂ ਕਿਹਾ ਕਿ ਰਾਈਡ ਸ਼ੇਅਰਿੰਗ ਰਾਹੀਂ ਕੁੜੀਆਂ ਸੁਰੱਖਿਅਤ ਘਰ ਜਾਣ ਦੀ ਉਮੀਦ ਕਰ ਰਹੀਆਂ ਸਨ ਅਤੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਇਕ ਪੀੜਤ ਦੀ ਮਾਂ ਨੇ ਕਿਹਾ ਕਿ ਸ਼ਾਹ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਉਸ ਦੀ ਧੀ ਗੰਭੀਰ ਨਿਰਾਸ਼ਾ ’ਚ ਡੁੱਬ ਗਈ ਸੀ। ਦੂਜੇ ਪੀੜਤ ਦੀ ਮਾਂ ਨੇ ਕਿਹਾ ਕਿ ਸ਼ਾਹ ਨੂੰ ਚਾਰ ਸਾਲਾਂ ਕੈਦ ਮਿਲੀ ਹੈ, ਜਦੋਂ ਕਿ ਉਸ ਦੀ ਧੀ ਨੂੰ ਸਥਾਈ ਸਜ਼ਾ ਮਿਲੀ ਹੈ ਅਤੇ ਉਹ ਹਮੇਸ਼ਾ ਲਈ ਬਦਲ ਗਈ ਹੈ।