ਮੈਲਬਰਨ ‘ਚ ਚਾਰ ਪੰਜਾਬੀਆਂ ਦੀ ਡੁੱਬਣ ਨਾਲ ਮੌਤ ਪਿੱਛੋਂ ਸੋਗ ‘ਚ ਡੁੱਬਿਆ ਭਾਰਤੀ ਭਾਈਚਾਰਾ

ਮੈਲਬਰਨ : ਵਿਕਟੋਰੀਆ ‘ਚ ਇਕ ਦਹਾਕੇ ਤੋਂ ਜ਼ਿਆਦਾ ਸਮੇਂ ‘ਚ ਡੁੱਬਣ ਦੀ ਸਭ ਤੋਂ ਭਿਆਨਕ ਘਟਨਾ ‘ਚ ਪੰਜਾਬੀ ਮੂਲ ਦੇ ਚਾਰ ਵਿਅਕਤੀਆਂ ਦੀ ਜਾਨ ਚਲੇ ਜਾਣ ਤੋਂ ਬਾਅਦ ਮੈਲਬਰਨ ਦੇ ਭਾਰਤੀ ਭਾਈਚਾਰੇ ਸੋਗ ਦੀ ਲਹਿਰ ਹੈ। ਬੁੱਧਵਾਰ ਦੁਪਹਿਰ ਨੂੰ ਫਿਲਿਪ ਟਾਪੂ ‘ਤੇ ਫੋਰੈਸਟ ਗੁਫਾਵਾਂ ਨੇੜੇ ਇਕ ਬੀਚ ‘ਤੇ ਡੁੱਬਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚੌਥੇ ਵਿਅਕਤੀ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਇਹ ਸਾਰੇ 10 ਲੋਕਾਂ ਦੇ ਗਰੁੱਪ ਦਾ ਹਿੱਸਾ ਸਨ ਜੋ ਬੀਚ ’ਤੇ ਘੁੰਮਣ ਆਏ ਸਨ।

ਮ੍ਰਿਤਕਾਂ ਦੀ ਪਛਾਣ ਕ੍ਰਿਤੀ ਬੇਦੀ, ਜਗਜੀਤ ਸਿੰਘ ਆਨੰਦ, ਸੁਹਾਨੀ ਆਨੰਦ ਅਤੇ ਰੀਮਾ ਸੋਂਧੀ ਵਜੋਂ ਹੋਈ ਹੈ। ਜਗਜੀਤ ਸਿੰਘ ਆਨੰਦ ਅਤੇ ਸੁਹਾਨੀ ਆਨੰਦ ਭੈਣ-ਭਰਾ ਹਨ। ਜਗਜੀਤ ਸਿੰਘ ਆਨੰਦ ਨਰਸ ਵੱਜੋਂ ਕੰਮ ਕਰਦਾ ਸੀ ਜਦਕਿ ਸੁਹਾਨੀ ਅਤੇ ਕ੍ਰਿਤੀ ਬੇਦੀ ਵਿਦਿਆਰਥੀ ਸਨ। ਤਿੰਨਾਂ ਦੀ ਉਮਰ 20 ਸਾਲ ਦੇ ਕਰੀਬ ਹੈ ਅਤੇ ਉਹ ਮੈਲਬਰਨ ਦੇ ਦੱਖਣ-ਪੂਰਬ ਸਥਿਤ ਕਲਾਈਡ ‘ਚ ਰਹਿੰਦੇ ਸਨ।

ਚੌਥੀ ਪੀੜਤਾ ਦੀ ਪਛਾਣ ਰੀਮਾ ਸੋਂਧੀ ਵਜੋਂ ਹੋਈ ਹੈ, ਜਿਸ ਦੀ ਉਮਰ 40 ਸਾਲ ਦੇ ਕਰੀਬ ਸੀ ਅਤੇ ਉਹ ਆਪਣੇ ਪਤੀ ਸੰਜੀਵ ਸੋਂਧੀ ਨਾਲ ਪੇਕੇ ਪਰਵਾਰ ਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਸਟ੍ਰੇਲੀਆ ਆਈ ਸੀ। ਰੀਮਾ ਫਗਵਾੜਾ ਦੇ ਪ੍ਰਸਿੱਧ ਸਿਆਸੀ ਅਤੇ ਸਮਾਜ ਸੇਵੀ ਸੋਂਧੀ ਪਰਵਾਰ ਦੀ ਨੂੰਹ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਦੀਪਕ ਸੋਂਧੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਸੰਜੀਵ ਸੋਂਧੀ ਵੀ ਪਾਣੀ ’ਚ ਡੁੱਬਣ ਤੋਂ ਵਾਲ-ਵਾਲ ਬਚਿਆ ਸੀ। ਉਨ੍ਹਾਂ ਦੇ ਚਾਚਾ ਵਿਜੈ ਸੋਂਧੀ ਨੇ ਕਿਹਾ ਕਿ ਮੌਤ ਦੀ ਖ਼ਬਰ ਸੁਣ ਕੇ ਪ੍ਰਵਾਰ ’ਚ ਸੋਗ ਦੀ ਲਹਿਰ ਪਸਰ ਗਈ।

ਰਵਿੰਦਰ ਸਿੰਘ, ਜੋ ਪੀੜਤ ਪਰਿਵਾਰ ਦੇ ਕਰੀਬੀ ਹਨ, ਇੱਕ ਫੰਡਰੇਜ਼ਰ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ, ‘‘ਇਹ ਸਾਡੇ ਲਈ ਬਹੁਤ ਦੁਖਦਾਈ ਹੈ, ਸਾਡੇ ਕੋਲ ਕੋਈ ਸ਼ਬਦ ਨਹੀਂ ਹਨ। ਉਹ ਬਹੁਤ ਦਿਆਲੂ ਸਨ। ਇਹ ਕਦੇ ਨਾ ਭਰਿਆ ਜਾ ਸਕਣ ਵਾਲਾ ਘਾਟਾ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਕਾਲਾ ਦਿਨ ਹੈ।’’ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਸਮੁੰਦਰੀ ਕੰਢੇ ‘ਤੇ ਤੈਰਨ ਦੇ ਖਤਰੇ ਬਾਰੇ ਭਾਈਚਾਰੇ ਦੀ ਜਾਗਰੂਕਤਾ ਵਧਾਉਣਾ ਚਾਹੁੰਦੇ ਹਨ ਤਾਂ ਜੋ ਭਵਿੱਖ ਵਿੱਚ ਦਿਲ ਦੇ ਦਰਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ, ‘‘ਭਾਈਚਾਰੇ ਨੂੰ ਰਿਪ ਕਰੰਟ (Rips Current) ਬਾਰੇ ਸਿਖਾਉਣਾ ਬਹੁਤ ਮਹੱਤਵਪੂਰਨ ਹੈ।’’

ਇਹ ਵੀ ਪੜ੍ਹੋ : ਗਰਮੀਆਂ ’ਚ ਬੀਚ ’ਤੇ ਜਾ ਰਹੇ ਹੋ ਤਾਂ Rips ਤੋਂ ਬਚ ਕੇ, ਜਾਣੋ ਕੀ ਹੈ ਆਸਟ੍ਰੇਲੀਆ ਦੇ ਬੀਚਾਂ ’ਤੇ ਹਰ ਸਾਲ ਦਰਜਨਾਂ ਦੇ ਡੁੱਬਣ ਦਾ ਕਾਰਨ – Sea7 Australia

ਸਾਲ 2005 ‘ਚ ਸੂਬੇ ਦੇ ਦੱਖਣ-ਪੱਛਮ ‘ਚ ਸਟਿੰਗਰੇ ਬੇ ‘ਚ ਪੰਜ ਲੋਕਾਂ ਦੀ ਮੌਤ ਤੋਂ ਬਾਅਦ ਸਮੁੰਦਰੀ ਕੰਢੇ ‘ਤੇ ਡੁੱਬਣ ਦੀ ਇਹ ਸਭ ਤੋਂ ਭਿਆਨਕ ਘਟਨਾ ਹੈ। ਵੀਰਵਾਰ ਨੂੰ ਜਲ ਸੁਰੱਖਿਆ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਗਸ਼ਤ ਵਾਲੇ ਸਮੁੰਦਰੀ ਤੱਟਾਂ ‘ਤੇ ਨਾ ਤੈਰਨ ਅਤੇ ਪਾਣੀ ਵਿਚ ਜਾਣ ਤੋਂ ਪਹਿਲਾਂ ਸਮੁੰਦਰੀ ਕੰਢੇ ਦੀ ਸੁਰੱਖਿਆ ਰੇਟਿੰਗ ਦੀ ਜਾਂਚ ਕਰਨ।

Leave a Comment