ਮੈਲਬਰਨ: ਮੈਡੀਕੇਅਰ ’ਤੇ ਦਿੱਤੀ ਜਾਣ ਵਾਲੀ ਲੇਵੀ ਵਿੱਚ ਤਬਦੀਲੀਆਂ ਹੋਣ ਜਾ ਰਹੀਆਂ ਹਨ ਜਿਸ ਤਹਿਤ ਘੱਟ ਆਮਦਨ ਵਾਲੇ ਲੋਕਾਂ ਨੂੰ ਪ੍ਰਤੀ ਸਾਲ 172 ਡਾਲਰ ਤੱਕ ਦੀ ਰਾਹਤ ਮਿਲੇਗੀ। ਮੈਡੀਕੇਅਰ ’ਤੇ ਇੱਕ ਹੱਦ ਤੋਂ ਬਾਅਦ ਲੇਵੀ ਦਾ ਭੁਗਤਾਨ ਕਰਨਾ ਪੈਂਦਾ ਹੈ ਜੋ ਕਿ ਇੱਕ ਤਰ੍ਹਾਂ ਦਾ ਇਨਕਮ ਟੈਕਸ ਹੀ ਹੈ।
ਨਵੀਂ ਤਬਦੀਲੀ ਅਨੁਸਾਰ 26,000 ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਅਣਵਿਆਹੁਤਾ ਵਿਅਕਤੀਆਂ ਨੂੰ ਕਿਸੇ ਲੇਵੀ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਤਰ੍ਹਾਂ ਸਿੰਗਲ ਵਿਅਕਤੀਆਂ ਨੂੰ ਪ੍ਰਤੀ ਸਾਲ 172.40 ਡਾਲਰ ਦੀ ਛੋਟ ਮਿਲੇਗੀ। ਪਹਿਲਾਂ ਇਹ ਹੱਦ 24,276 ਡਾਲਰ ਸੀ। ਇਸ ਤੋਂ ਬਾਅਦ ਟੈਕਸ ਹੌਲੀ-ਹੌਲੀ ਲੱਗਣਾ ਸ਼ੁਰੂ ਹੁੰਦਾ ਹੈ। 32,500 ਡਾਲਰ ਤੋਂ ਵੱਧ ਦੀ ਆਮਦਨ ’ਤੇ 2 ਪ੍ਰਤੀਸ਼ਤ ਦੀ ਲੇਵੀ ਦਾ ਭੁਗਤਾਨ ਕਰਨਾ ਪਵੇਗਾ।
ਸਿੰਗਲ ਬਜ਼ੁਰਗਾਂ ਅਤੇ ਪੈਨਸ਼ਨਰਾਂ ਨੂੰ 41,089 ਦੀ ਆਮਦਨ ਤਕ ਕੋਈ ਟੈਕਸ ਨਹੀਂ ਲੱਗੇਗਾ ਜਿਸ ਨਾਲ ਉਨ੍ਹਾਂ ਨੂੰ 272.40 ਡਾਲਰ ਹੋਵੇਗੀ ਦੀ ਬਚਤ ਹੋਵੇਗੀ। ਜਦਕਿ 51,361 ਡਾਲਰ ਤੋਂ ਵੱਧ ਦੀ ਆਮਦਨ ’ਤੇ 2 ਫ਼ੀ ਸਦੀ ਟੈਕਸ ਲੱਗਣਾ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਪਰਿਵਾਰਾਂ ‘ਤੇ ਵੀ ਟੈਕਸ ਲੱਗਣਾ 43,486 ਡਾਲਰ ਦੀ ਆਮਦਨ ਤੋਂ ਬਾਅਦ ਸ਼ੁਰੂ ਹੋਵੇਗਾ ਅਤੇ 54,807 ਡਾਲਰ ਤੋਂ ਵੱਧ ਦੀ ਆਮਦਨ ’ਤੇ ਪੂਰਾ ਟੈਕਸ ਲੱਗੇਗਾ। ਖਜ਼ਾਨੇ ਦਾ ਅਨੁਮਾਨ ਹੈ ਕਿ ਤਬਦੀਲੀਆਂ ਦੇ ਨਤੀਜੇ ਵਜੋਂ 12 ਲੱਖ ਆਸਟ੍ਰੇਲੀਆਈ ਜਾਂ ਤਾਂ ਮੈਡੀਕੇਅਰ ਟੈਕਸ ਤੋਂ ਛੋਟ ਪ੍ਰਾਪਤ ਕਰਨਗੇ ਜਾਂ ਟੈਕਸ ਵਿੱਚ ਘੱਟ ਭੁਗਤਾਨ ਕਰਨਗੇ।