ਮੈਲਬਰਨ: ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIMS), ਮੁਹਾਲੀ ਵਿਖੇ ਰੋਟਰੀ ਕਲੱਬ ਆਫ ਚੰਡੀਗੜ੍ਹ ਦੇ ਸਹਿਯੋਗ ਨਾਲ ਮਨੁੱਖੀ ਮਿਲਕ ਬੈਂਕ (Human milk bank) (ਵਿਆਪਕ ਦੁੱਧ ਪ੍ਰਬੰਧਨ ਕੇਂਦਰ) ਦੀ ਸ਼ੁਰੂਆਤ ਕੀਤੀ ਗਈ ਹੈ। ਦੁੱਧ ਚੁੰਘਾਉਣ ਵਾਲੀਆਂ ਮਾਵਾਂ ਤੋਂ ਇਹ ਦੁੱਧ ਸਵੈ-ਇੱਛਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਜਿਸ ਨੂੰ ਸਟੋਰ ਕੀਤਾ ਜਾਵੇਗਾ, ਪਾਸਚਰਾਈਜ਼ ਕੀਤਾ ਜਾਵੇਗਾ ਅਤੇ ਸੁਰੱਖਿਅਤ ਰੱਖਿਆ ਜਾਵੇਗਾ।
ਇਹ ਦੁੱਧ ਅਜਿਹੇ ਬੱਚਿਆਂ ਲਈ ਵਰਦਾਨ ਸਾਬਤ ਹੁੰਦਾ ਹੈ ਜਿਨ੍ਹਾਂ ਨੂੰ ਕਿਸੇ ਕਾਰਨ ਆਪਣੀ ਮਾਂ ਦਾ ਦੁੱਧ ਨਹੀਂ ਮਿਲਦਾ। ਅਜਿਹੇ ਬੱਚਿਆਂ ਲਈ ਦਾਨ ਕੀਤੇ ਮਨੁੱਖੀ ਦੁੱਧ ਨੂੰ ਇਕੱਤਰ ਕਰਨ, ਜਾਂਚਣ, ਪ੍ਰੋਸੈਸਿੰਗ, ਸਟੋਰ ਕਰਨ ਅਤੇ ਵੰਡਣ ਸਮੇਤ ਕਿਸੇ ਮਾਂ ਵੱਲੋਂ ਆਪਣੇ ਬੱਚੇ ਦੀ ਖਪਤ ਲਈ ਦੁੱਧ ਦੇ ਭੰਡਾਰਨ ਦੀਆਂ ਸਹੂਲਤਾਂ ਵੀ ਹਨ। ਰੋਟਰੀ ਇੰਟਰਨੈਸ਼ਨਲ ਦੇ ਵਿਸ਼ਵ ਪ੍ਰਧਾਨ ਡਾ. ਗੋਰਡਨ ਆਰ ਮੈਕੀਨਲੀ ਨੇ ਇਸ ਕੇਂਦਰ ਦਾ ਉਦਘਾਟਨ ਕੀਤਾ। ਸਾਜ਼ੋ-ਸਾਮਾਨ ਖਰੀਦਣ ਲਈ ਰੋਟੇਰੀਅਨਾਂ ਵੱਲੋਂ ਲਗਭਗ 38 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।
AIMS ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਕਿਹਾ, ‘‘ਇਹ ਇੱਕ ਮਹੱਤਵਪੂਰਣ ਸਹੂਲਤ ਹੈ ਜੋ ਹਸਪਤਾਲ ਦੇ ਅੰਦਰ ਸਾਰੀਆਂ ਮਾਵਾਂ ਨੂੰ ਦੁੱਧ ਚੁੰਘਾਉਣ ਦੀ ਸਹਾਇਤਾ ਪ੍ਰਦਾਨ ਕਰਦੀ ਹੈ।’’