ਮੈਲਬਰਨ: ਇੱਕ ਨਵੇਂ ਸਰਵੇਖਣ ਅਨੁਸਾਰ ਆਸਟ੍ਰੇਲੀਆ ’ਚ ਪਿਛਲੇ ਤਿੰਨ ਮਹੀਨਿਆਂ ’ਚ ਹਰ ਅੱਠ ’ਚੋਂ ਇੱਕ ਕ੍ਰੈਡਿਟ ਕਾਰਡ ਹੋਲਡਰ ਨੇ ਆਪਣੇ ਕ੍ਰੈਡਿਟ ਕਾਰਡ ’ਤੇ ਖ਼ਰਚ ਤਾਂ ਕਰ ਲਿਆ ਪਰ ਇਸ ਨੂੰ ਵਾਪਸ ਨਹੀਂ ਕਰ ਸਕਿਆ। ਇਸ ਦਾ ਮਤਲਬ ਹੈ ਕਿ 17.5 ਲੱਖ ਲੋਕਾਂ ਨੇ ਅਕਤੂਬਰ ’ਚ ਕ੍ਰੈਡਿਟ ਕਾਰਡ ਦਾ ਕਰਜ਼ ਨਹੀਂ ਮੋੜਿਆ ਅਤੇ ਕ੍ਰੈਡਿਟ ਕਾਰਡ ਦੀ ਕਿਸਤ ਅਦਾ ਨਾ ਕਰਨ ਦਾ ਜੁਰਮਾਨਾ ਬਹੁਤ ਜ਼ਿਆਦਾ ਹੋ ਸਕਦਾ ਹੈ। ਆਓ ਜਾਣੀਏ ਕ੍ਰੈਡਿਟ ਕਾਰਡ ਦਾ ਭੁਗਤਾਨ ਕਰਨ ਲਈ ਕਿਨ੍ਹਾਂ ਚੀਜ਼ਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ।
- ਕ੍ਰੈਡਿਟ ਕਾਰਡ ’ਤੇ ਵਾਧੂ ਜੁਰਮਾਨੇ ਤੋਂ ਬਚਣ ਲਈ ਹਮੇਸ਼ਾ ਘੱਟੋ-ਘੱਟ ਰਕਮ (Minimum Payment) ਜ਼ਰੂਰ ਅਦਾ ਕਰੋ। ਕਈ ਲੋਕ ਅਜਿਹਾ ਕਰਨਾ ਭੁੱਲ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਵਾਧੂ ਜੁਰਮਾਨਾ ਲਗਦਾ ਹੈ। ਇਸ ਲਈ ਆਨਲਾਈਨ ਬੈਂਕਿੰਗ ਜ਼ਰੀਏ ਆਪੋਰੀਪੇਮੈਂਟ ਦਾ ਬਦਲ ਆਨ ਕਰ ਸਕਦੇ ਹੋ।
- ਜੇਕਰ ਤੁਹਾਨੂੰ ਕੋਈ ਵਿੱਤੀ ਸਮੱਸਿਆ ਹੈ ਤਾਂ ਤੁਸੀਂ ਆਪਣੇ ਕਰਜ਼ਦਾਤਾ ਨੂੰ ਸੰਪਰਕ ਕਰ ਸਕਦੇ ਹੋ ਜੋ ਕਿ ਤੁਹਾਡੇ ਲਈ ਪੇਮੈਂਟ ਪਲਾਨ ਤਿਆਰ ਕਰ ਸਕਦਾ ਹੈ।
- ਕਰਜ਼ ਅਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਖ਼ਰਚਿਆਂ ਨੂੰ ਘਟਾਉਣਾ ਹੈ। ਉਨ੍ਹਾਂ ਖ਼ਰਚਿਆਂ ਦੀ ਪਛਾਣ ਕਰੋ ਜੋ ਗ਼ੈਰਜ਼ਰੂਰੀ ਹਨ ਅਤੇ ਪੈਸੇ ਬਚਾਓ।
- ਜੇਕਰ ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਕ੍ਰੈਡਿਟ ਕਾਰਡ ਹਨ ਤਾਂ ਸਭ ਤੋਂ ਵੱਧ ਵਿਆਜ ਵਾਲੇ ਕ੍ਰੈਡਿਟ ਕਾਰਡ ਦੀ ਅਦਾਇਗੀ ਪਹਿਲਾਂ ਕਰੋ।
- ਕਈ ਲੋਕ ਨਵਾਂ ਕ੍ਰੈਡਿਟ ਕਾਰਡ ਪ੍ਰਾਪਤ ਕਰ ਕੇ ਪੁਰਾਣੇ ਕ੍ਰੈਡਿਟ ਕਾਰਡ ਦਾ ਬੈਲੰਸ 0 ਫ਼ੀ ਸਦੀ ਵਿਆਜ ’ਤੇ ਟਰਾਂਸਫ਼ਰ ਕਰ ਲੈਂਦੇ ਹਨ। ਪਰ ਯਾਦ ਰੱਖੋ ਇਹ ਕੁੱਝ ਸੀਮਤ ਸਮੇਂ ਤਕ ਹੀ ਵਿਆਜ ਮੁਕਤ ਰਹਿੰਦਾ ਹੈ, ਜਿਸ ਤੋਂ ਬਾਅਦ ਵਿਆਜ ਪਹਿਲਾਂ ਤੋਂ ਵੀ ਜ਼ਿਆਦਾ ਲੱਗ ਸਕਦਾ ਹੈ।