ਮੈਲਬਰਨ: ਯੂ.ਕੇ. ‘ਚ ਰਹਿ ਰਹੇ ਸਿੱਖਾਂ ਨੂੰ ਬ੍ਰਿਟਿਸ਼ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। (Sikhs given ‘threat to life’ notices) ਇਹ ਕਾਰਵਾਈ ਵੱਖਵਾਦੀ ਅੰਦੋਲਨ ਨੂੰ ਲੈ ਕੇ ਭਾਰਤ ਸਰਕਾਰ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ, ਨਰਿੰਦਰ ਮੋਦੀ ਹਕੂਮਤ ਵੱਲੋਂ ਡਰਾਉਣ-ਧਮਕਾਉਣ ਦੇ ਦਾਅਵਿਆਂ ਦਰਮਿਆਨ ਕੀਤੀ ਗਈ ਹੈ।
ਯੂ.ਕੇ. ਦੇ ‘ਦ ਟਾਇਮਸ’ ਅਖ਼ਬਾਰ ’ਚ ਛਪੀ ਖ਼ਬਰ ਅਨੁਸਾਰ ਵੈਸਟ ਮਿਡਲੈਂਡਜ਼ ਪੁਲਿਸ ਨੇ ਕਈ ਸਿੱਖਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ‘ਜਾਨ ਨੂੰ ਖਤਰਾ’ ਹੈ। ਜਿਨ੍ਹਾਂ ਵਿਅਕਤੀਆਂ ਨੂੰ ਇਹ ਨੋਟਿਸ ਦਿੱਤੇ ਗਏ ਹਨ, ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਨੋਟਿਸ ਭਾਰਤੀ ਸ਼ਾਸਨ ਦੇ ਏਜੰਟਾਂ ਵੱਲੋਂ ਅਮਰੀਕਾ ਅਤੇ ਕੈਨੇਡਾ ਵਿਚ ਕਥਿਤ ਤੌਰ ‘ਤੇ ਯੋਜਨਾਬੱਧ ਕਤਲ ਅਤੇ ਕਤਲ ਦੀ ਕੋਸ਼ਿਸ਼ ਨਾਲ ਜੁੜੇ ਹੋ ਸਕਦੇ ਹਨ।
ਨੋਟਿਸ ਅਜਿਹੇ ਸਮੇਂ ਜਾਰੀ ਕੀਤੇ ਗਏ ਜਦੋਂ ਯੂ.ਕੇ. ’ਚ ਵੱਖਰੇ ਸਿੱਖ ਰਾਜ ਲਈ ਮੁਹਿੰਮ ਚਲਾਉਣ ਵਾਲੇ ਅਵਤਾਰ ਸਿੰਘ ਖੰਡਾ (35) ਦੀ ਅਚਾਨਕ ਹੋਈ ਮੌਤ ਦੀ ਅਗਲੇਰੀ ਜਾਂਚ ਦੀ ਮੰਗ ਜ਼ੋਰ ਫੜ ਰਹੀ ਹੈ। ਪਿਛਲੇ ਸਾਲ ਜੂਨ ਦੌਰਾਨ ਬਰਮਿੰਘਮ ਵਿਚ ਖੰਡਾ ਦੀ ਮੌਤ ਹੋ ਗਈ ਸੀ। ਬ੍ਰਿਟੇਨ ਵਿਚ ਸਿੱਖ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਸਰਕਾਰ ਪ੍ਰਵਾਸੀ ਭਾਰਤੀਆਂ ਵਿਚ ਅਸਹਿਮਤੀ ‘ਤੇ ਸ਼ਿਕੰਜਾ ਕੱਸ ਰਹੀ ਹੈ।