ਮੈਲਬਰਨ: ਕੁਈਨਜ਼ਲੈਂਡ ਦੇ ਵੈਸਟਰਨ ਡਾਊਨਜ਼ ਰੀਜਨ ‘ਚ ਇਕ ਜਾਨਲੇਵਾ ਸੱਪ ਨੇ ਇਕ ਔਰਤ ਨੂੰ ਉਸ ਸਮੇਂ ਡੰਗ ਲਿਆ ਜਦੋਂ ਉਹ ਆਪਣੇ ਬਿਸਤਰੇ ‘ਤੇ ਸੌਂ ਰਹੀ ਸੀ। ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਨੂੰ ਸ਼ੁੱਕਰਵਾਰ ਅੱਧੀ ਰਾਤ 12:50 ਵਜੇ ਦੇ ਕਰੀਬ ਗਲੇਨਮੋਰਗਨ ਦੇ ਇੱਕ ਘਰ ਵਿੱਚ ਸੱਪ ਦੇ ਡੰਗਣ ਦੀ ਰਿਪੋਰਟ ਮਿਲਣ ‘ਤੇ ਬੁਲਾਇਆ ਗਿਆ ਸੀ। ਪੈਰਾਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ 20 ਕੁ ਸਾਲ ਦੀ ਔਰਤ ਨੂੰ ‘ਈਸਟਰਨ ਬਰਾਊਨ ਸਨੇਕ’ ਨੇ ਹੱਥ ’ਤੇ ਡੰਗਿਆ ਸੀ।
ਸਥਾਨਕ ਪੈਰਾਮੈਡਿਕਸ ਦੇ ਪਹੁੰਚਣ ਤੋਂ ਪਹਿਲਾਂ ਔਰਤ ਦੇ ਪਰਿਵਾਰ ਨੇ ਡੰਗ ਵਾਲੀ ਥਾਂ ’ਤੇ ‘ਪੈਸ਼ਰਰ ਬੈਂਡੇਜ’ ਲਗਾਈਆਂ। ਲਾਈਫਫਲਾਈਟ ਬਚਾਅ ਹੈਲੀਕਾਪਟਰ ਉਨ੍ਹਾਂ ਦੇ ਘਰ ਸਾਹਮਣੇ ਉਤਰਿਆ ਅਤੇ ਫਲਾਈਟ ਮੈਡੀਕਲ ਟੀਮ ਨੇ ਜ਼ਹਿਰ ਵਿਰੋਧੀ ਦਵਾਈ ਦਿੱਤੀ। ਇਸ ਤੋਂ ਬਾਅਦ ਔਰਤ ਨੂੰ ਅਗਲੇਰੇ ਇਲਾਜ ਲਈ ਟੂਵੂੰਬਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।