ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹੂਤੀ ਵਿਦਰੋਹੀਆਂ ’ਤੇ ਅਮਰੀਕਾ ਅਤੇ ਬ੍ਰਿਟੇਨ ਨੇ ਸ਼ੁਰੂ ਕੀਤੇ ਹਮਲੇ, ਆਸਟ੍ਰੇਲੀਆ ਵੀ ਕਰ ਰਿਹੈ ਮਦਦ

ਮੈਲਬਰਨ: ਅਮਰੀਕਾ ਅਤੇ ਬ੍ਰਿਟੇਨ ਨੇ ਯਮਨ ‘ਚ ਹੂਤੀ ਵਿਦਰੋਹੀਆਂ ‘ਤੇ ਹਮਲੇ ਸ਼ੁਰੂ ਕੀਤੇ ਹਨ। ਇਹ ਹਮਲੇ ਲਾਲ ਸਾਗਰ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਾਂ ‘ਤੇ ਹੂਤੀ ਦੇ ਲਗਾਤਾਰ ਜਾਰੀ ਹਮਲਿਆਂ ਦੇ ਜਵਾਬ ਵਿੱਚ ਸਨ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਕਿ ਆਸਟ੍ਰੇਲੀਆਈ ਕਰਮਚਾਰੀ ‘ਆਪਰੇਸ਼ਨਲ ਹੈੱਡਕੁਆਰਟਰ’ ਵਿਚ ਮੌਜੂਦ ਸਨ ਪਰ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਭਾਗੀਦਾਰੀ ਦੀ ਸਹੀ ਪ੍ਰਕਿਰਤੀ ਬਾਰੇ ਹੋਰ ਵਿਸਥਾਰ ਨਾਲ ਨਹੀਂ ਦੱਸ ਸਕਦੇ।

ਇਹ ਹਮਲੇ ਜੰਗੀ ਜਹਾਜ਼ਾਂ ਅਤੇ ਪਣਡੁੱਬੀ ਤੋਂ ਲਾਂਚ ਕੀਤੀਆਂ ਗਈਆਂ ਟੌਮਹਾਕ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਨਾਲ ਕੀਤੇ ਗਏ। ਯਮਨ ਵਿਚ 16 ਥਾਵਾਂ ‘ਤੇ 60 ਤੋਂ ਵੱਧ ਨਿਸ਼ਾਨੇ ਬਣਾਏ ਗਏ, ਜਿਨ੍ਹਾਂ ਵਿਚ ਕਮਾਂਡ-ਐਂਡ-ਕੰਟਰੋਲ ਨੋਡ, ਹਥਿਆਰ ਡਿਪੂ, ਲਾਂਚਿੰਗ ਪ੍ਰਣਾਲੀ, ਉਤਪਾਦਨ ਸਹੂਲਤਾਂ ਅਤੇ ਹਵਾਈ ਰੱਖਿਆ ਰਾਡਾਰ ਪ੍ਰਣਾਲੀਆਂ ਸ਼ਾਮਲ ਹਨ।

ਇਨ੍ਹਾਂ ਹਮਲਿਆਂ ਦਾ ਮਕਸਦ ਇਹ ਦਰਸਾਉਣਾ ਸੀ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਲਾਲ ਸਾਗਰ ‘ਤੇ ਅੱਤਵਾਦੀ ਸਮੂਹ ਦੇ ਨਿਰੰਤਰ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਵਪਾਰਕ ਜਹਾਜ਼ਾਂ ‘ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਲਗਾਤਾਰ ਮੁਹਿੰਮ ਦਾ ਇਹ ਪਹਿਲਾ ਅਮਰੀਕੀ ਫੌਜੀ ਜਵਾਬ ਹੈ।

ਵ੍ਹਾਈਟ ਹਾਊਸ ਅਤੇ ਕਈ ਭਾਈਵਾਲ ਦੇਸ਼ਾਂ ਵੱਲੋਂ ਹੁਤੀ ਨੂੰ ਹਮਲੇ ਬੰਦ ਕਰਨ ਜਾਂ ਸੰਭਾਵਿਤ ਫੌਜੀ ਕਾਰਵਾਈ ਦਾ ਸਾਹਮਣਾ ਕਰਨ ਦੀ ਆਖਰੀ ਚੇਤਾਵਨੀ ਜਾਰੀ ਕਰਨ ਦੇ ਇਕ ਹਫਤੇ ਬਾਅਦ ਇਹ ਤਾਲਮੇਲ ਵਾਲਾ ਫੌਜੀ ਹਮਲਾ ਹੋਇਆ ਹੈ। 19 ਨਵੰਬਰ ਤੋਂ ਨੇ ਕੇ ਹੁਣ ਤਕ ਹੂਤੀ ਵਿਦਰੋਹੀਆਂ ਨੇ 27 ਜਹਾਜ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਕਾਰਨ ਜਹਾਜ਼ਾਂ  ’ਚ ਲੱਦਿਆ ਸਾਮਾਨ ਮੰਜ਼ਿਲ ਤਕ ਪਹੁੰਚਣ ’ਚ ਦੇਰੀ ਅਤੇ  ਲਾਗਤ ’ਚ ਵਾਧਾ ਹੋ ਰਿਹਾ ਹੈ।

Leave a Comment