ਮੈਲਬਰਨ: ਸੈਰ-ਸਪਾਟੇ ਦੇ ਸ਼ੌਕੀਨਾਂ ਲਈ ਦੁਨੀਆਂ ਦੇ ਬਿਹਤਰੀਨ 52 ਸਥਾਨਾਂ ਦੀ ਸੂਚੀ ਆ ਗਈ ਹੈ। 2024 ਲਈ ‘ਨਿਊਯਾਰਕ ਟਾਈਮਜ਼’ ਨੇ ਆਪਣੀ ਸਾਲਾਨਾ ‘52 ਸਥਾਨਾਂ’ ਦੀ ਸੂਚੀ ਵਿੱਚ ‘ਰੇਲ ਰਾਹੀਂ ਨਿਊਜ਼ੀਲੈਂਡ’ ਨੂੰ ਚੌਥੀ ਸਭ ਤੋਂ ਵਧੀਆ ਜਗ੍ਹਾ ਵਜੋਂ ਸ਼ਾਮਲ ਕੀਤਾ ਹੈ। ਇਹ ਸੂਚੀ ਸਥਿਰਤਾ, ਸੱਭਿਆਚਾਰਕ ਸਮਾਗਮਾਂ, ਕੁਦਰਤ ਅਤੇ ਕਲਾ ਲਈ ਜਾਣੀਆਂ ਜਾਂਦੀਆਂ ਥਾਵਾਂ ‘ਤੇ ਜ਼ੋਰ ਦਿੰਦੀ ਹੈ। ਇਹ ਯਾਤਰਾ ਨਾਰਦਰਨ ਐਕਸਪਲੋਰਰ, ਕੋਸਟਲ ਪੈਸੀਫਿਕ ਅਤੇ ਟ੍ਰਾਂਜ਼ਅਲਪਾਈਨ ਰੇਲ ਗੱਡੀਆਂ ‘ਤੇ 17 ਦਿਨਾਂ ਦੀ ਯਾਤਰਾ ਹੈ, ਜੋ ਕਿਵੀਰੇਲ ਦੇ ਸੈਰ-ਸਪਾਟਾ ਡਿਵੀਜ਼ਨ ਗ੍ਰੇਟ ਜਰਨੀਜ਼ ਵੱਲੋਂ ਪੇਸ਼ ਕੀਤੀ ਜਾਂਦੀ ਹੈ।
‘ਨਿਊਯਾਰਕ ਟਾਈਮਜ਼’ ਸੁਝਾਅ ਦਿੰਦਾ ਹੈ ਕਿ ਰੇਲ ਰਾਹੀਂ ਨਿਊਜ਼ੀਲੈਂਡ ਵਿੱਚ ਯਾਤਰਾ ਕਰਨਾ ਕੈਂਪਰ ਵੈਨ ਰਾਹੀਂ ਰੋਡ-ਟ੍ਰਿਪਿੰਗ ਦਾ ਇੱਕ ਸਰਲ ਅਤੇ ਵਧੇਰੇ ਟਿਕਾਊ ਬਦਲ ਹੈ। ਇਸ ਮਾਨਤਾ ਨੂੰ ‘ਸੇਵ ਅਵਰ ਟ੍ਰੇਨਸ’ ਦੇ ਡੇਵ ਮੈਕਫਰਸਨ ਨਿਊਜ਼ੀਲੈਂਡ ਵਿਚ ਰੇਲ ਲਈ ਇਕ ਸ਼ਾਨਦਾਰ ਮੌਕੇ ਵਜੋਂ ਦੇਖਦੇ ਹਨ, ਜਿਸ ਨੂੰ ਉਹ ਮੰਨਦੇ ਹਨ ਕਿ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਘੱਟ ਦਰਜਾ ਦਿੱਤਾ ਜਾਂਦਾ ਹੈ। ਹਾਲਾਂਕਿ, ਮੈਕਫਰਸਨ ਇਹ ਵੀ ਕਹਿੰਦੇ ਹਨ ਕਿ ਯਾਤਰਾ ਰੱਜਦੇ-ਪੁਜਦੇ ਲੋਕਾਂ ਹੀ ਕਰ ਸਕਦੇ ਹਨ ਕਿਉਂਕਿ ਇਸ ਵਿਸ਼ੇਸ਼ ਯਾਤਰਾ ਦੀ ਲਾਗਤ 14,000 ਡਾਲਰ ਹੈ।