ਮੈਲਬਰਨ: ਆਸਟ੍ਰੇਲੀਆ ਦੀ ਮਹਿੰਗਾਈ ਦਰ ’ਚ ਕਮੀ ਵੇਖੀ ਗਈ ਹੈ, ਜਿਸ ਤੋਂ ਉਮੀਦ ਬੱਝੀ ਹੈ ਕਿ ਨਵਾਂ ਸਾਲ ਉੱਚ ਵਿਆਜ ਦਰਾਂ ਤੋਂ ਰਾਹਤ ਲੈ ਕੇ ਆਵੇਗਾ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਨੇ ਦੱਸਿਆ ਕਿ consumer price index (CPI, ਖਪਤਕਾਰ ਮੁੱਲ ਸੂਚਕ ਅੰਕ) ਨਵੰਬਰ 2023 ਤੱਕ ਦੇ 12 ਮਹੀਨਿਆਂ ਵਿੱਚ 4.3٪ ਵਧਿਆ, ਜੋ ਅਕਤੂਬਰ ਵਿੱਚ 4.9٪ ਸੀ। ਮਹਿੰਗਾਈ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਰਿਹਾਇਸ਼, ਭੋਜਨ ਅਤੇ ਪੀਣ ਵਾਲੇ ਪਦਾਰਥ, ਬੀਮਾ ਅਤੇ ਸ਼ਰਾਬ ਦਾ ਸੀ।
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਦਸੰਬਰ ਦੀ ਆਪਣੀ ਆਖਰੀ ਬੈਠਕ ‘ਚ ਅਧਿਕਾਰਤ ਨਕਦ ਦਰ ਦੇ ਟੀਚੇ ਨੂੰ 4.35 ਫੀਸਦੀ ‘ਤੇ ਸਥਿਰ ਰੱਖਿਆ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਆਸਟ੍ਰੇਲੀਆ ‘ਚ ਮਹਿੰਗਾਈ ਘੱਟ ਰਹੀ ਹੈ। ABS ਦੇ ਅੰਕੜਿਆਂ ਨੇ ਨਵੰਬਰ 2023 ਵਿੱਚ ਨੌਕਰੀਆਂ ਦੀਆਂ ਖਾਲੀ ਅਸਾਮੀਆਂ ਵਿੱਚ ਥੋੜ੍ਹੀ ਜਿਹੀ ਗਿਰਾਵਟ ਵੀ ਦਰਸਾਈ ਹੈ, ਜੋ ਸੁਝਾਅ ਦਿੰਦੀ ਹੈ ਕਿ ਕਿਰਤ ਬਾਜ਼ਾਰ ਤੰਗ ਹੈ, ਜੋ ਨਕਦ ਦਰ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਿਆਜ ਦਰ ਦੇ ਅਗਲੇ ਫੈਸਲੇ ਦਾ ਐਲਾਨ 6 ਫਰਵਰੀ ਨੂੰ ਕੀਤਾ ਜਾਵੇਗਾ।