ਹਮਲਾਵਰ ਖ਼ੁਦ ਬਣੇ ਸ਼ਿਕਾਰ, ਇੱਕ ਦੀ ਮੌਤ, ਜਾਣੋ ਕੀ ਹੋਇਆ ਮੈਲਬਰਨ ’ਚ ਤੜਕਸਾਰ

ਮੈਲਬਰਨ: ਮੈਲਬਰਨ ਦੇ ਉੱਤਰ ’ਚ ਸਥਿਤ ਇੱਕ ਘਰ ਅੰਦਰ ਸੁੱਤੇ ਪਏ ਜੋੜੇ ’ਤੇ ਹਮਲਾ ਕਰਨਾ ਪੰਜ ਵਿਅਕਤੀ ਦੇ ਇੱਕ ‘ਗਰੋਹ’ ਨੂੰ ਮਹਿੰਗਾ ਪੈ ਗਿਆ। ਇਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ ਹੈ, ਜਦਕਿ ਕਥਿਤ ਦੂਜਾ ਗੋਲੀ ਦੇ ਜ਼ਖ਼ਮਾਂ ਨਾਲ ਜ਼ੇਰੇ ਇਲਾਜ ਹੈ। ਪੁਲਿਸ ਅਨੁਸਾਰ ਹਮਲਾਵਰਾਂ ਨੇ ਤੜਕੇ 4:30 ਵਜੇ ਸੁੱਤੇ ਪਏ ਜੋੜੇ ਦੇ ਘਰ ਵੜ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ। ਪਰ ਹਮਲੇ ਦੌਰਾਨ ਇੱਕ ਵਿਅਕਤੀ ਦੀ ਪਿਸਤੌਲ ਖੋਹ ਲਈ ਗਈ ਅਤੇ ਇੱਕ ਮੁੰਡਾ ਮਾਰਿਆ ਗਿਆ। ਉਸ ਦੀ ਪਛਾਣ 19 ਸਾਲਾਂ ਦੇ ਲੇਲੋਰ ਵਾਸੀ ਵੱਜੋਂ ਹੋਈ ਹੈ ਜਿਸ ਦੀ ਲਾਸ਼ ਡੌਨੀਬਰੂਕ ਦੀ ਮਿਡਲਮਾਊਂਟ ਸਟ੍ਰੀਟ ’ਚੋਂ ਮਿਲੀ।

22 ਸਾਲਾਂ ਦਾ ਇੱਕ ਹੋਰ ਵਿਅਕਤੀ ਇਲਾਜ ਲਈ ਹਸਪਤਾਲ ਦਾਖ਼ਲ ਹੋਇਆ ਹੈ। ਹਾਲਾਂਕਿ ਉਸ ਦੇ ਇਸ ਘਟਨਾ ’ਚ ਸ਼ਾਮਲ ਹੋਣ ਬਾਰੇ ਜਾਂਚ ਅਜੇ ਵੀ ਜਾਰੀ ਹੈ। ਮਕਾਨ ’ਚ ਸੁੱਤੀ ਪਈ ਔਰਤ ਵੀ ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਪਰ ਉਸ ਦਾ ਸਾਥੀ ਬਿਲਕੁਲ ਠੀਕ ਹੈ। ਪੁਲਿਸ ਅਜੇ ਤਕ ਪੂਰੇ ਘਟਨਾਕ੍ਰਮ ਬਾਰੇ ਜਾਂਚ ਕਰ ਰਹੀ ਹੈ ਅਤੇ ਉਸ ਨੇ ਇਸ ਘਟਨਾ ਦੇ ਸੰਗਠਤ ਅਪਰਾਧ ਨਾਲ ਤਾਰ ਜੁੜੇ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ। ਡਿਟੈਕਟਿਵ ਇੰਸਪੈਕਟਰ ਗ੍ਰਾਹਮ ਬੈਂਕਸ ਨੇ ਕਿਹਾ, ‘‘ਅਜੇ ਤਕ ਹਮਲੇ ਦਾ ਅਸਲ ਮੰਤਵ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਸੀਂ ਹਮਲੇ ’ਚ ਸ਼ਾਮਲ ਧਿਰਾਂ ਦੀ ਪਛਾਣ ਕਰ ਰਹੇ ਹਾਂ।’’

Leave a Comment