ਜਾਪਾਨ ਹਵਾਈ ਜਹਾਜ਼ ਹਾਦਸੇ ਦੌਰਾਨ ਮੁਸਾਫ਼ਰਾਂ ਨੂੰ ਬਚਾਉਣ ’ਚ ਸਭ ਤੋਂ ਵੱਧ ਯੋਗਦਾਨ ਰਿਹਾ ਇਸ ਆਸਟ੍ਰੇਲੀਆਈ ਦਾ

ਮੈਲਬਰਨ: ਦੋ ਦਿਨ ਪਹਿਲਾਂ ਜਾਪਾਨ ਦੇ ਇੱਕ ਮੁਸਾਫ਼ਰਾਂ ਨਾਲ ਭਰੇ ਪਏ ਹਵਾਈ ਜਹਾਜ਼ ਨੂੰ ਰਨਵੇ ’ਤੇ ਉਤਰਦੇ ਸਾਰ ਹੀ ਅੱਗ ਲੱਗ ਗਈ ਸੀ, ਪਰ ਖ਼ੁਸ਼ਕਿਸਮਤੀ ਨਾਲ ਜਹਾਜ਼ ’ਤੇ ਸਵਾਰ ਸਾਰੇ ਮੁਸਾਫ਼ਰਾਂ ਦਾ ਬਚਾਅ ਹੋ ਗਿਆ, ਜਿਸ ’ਚ 12 ਆਸਟ੍ਰੇਲੀਆਈ ਵੀ ਸ਼ਾਮਲ ਸਨ। ਟੋਕੀਓ ਦੇ ਹਾਨੇਡਾ ਹਵਾਈ ਅੱਗੇ ’ਤੇ ਇਸ ਬਚਾਅ ਕਾਰਜ ਤੋਂ ਬਾਅਦ ਆਸਟ੍ਰੇਲੀਆ ਦੇ ਇੱਕ ਖੋਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਸ ਵੱਲੋਂ ਕੀਤੀ ‘ਇਸਕੇਪ ਸ਼ੂਟਸ’ ਦੀ ਖੋਜ ਦੀ ਬਦੌਲਤ ਇਸ ਹਵਾਈ ਜਹਾਜ਼ ’ਤੇ ਸਵਾਰ 379 ਲੋਕਾਂ ਦੀ ਹੀ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਸੈਂਕੜੇ ਹੋਰ ਲੋਕਾਂ ਦੀ ਜਾਨ ਬਚ ਚੁੱਕੀ ਹੈ।

ਜੈਕ ਗ੍ਰਾਂਟ ਨਾਂ ਦੇ ਆਸਟ੍ਰੇਲੀਆਈ ਨੇ ‘ਇਸਕੇਪ ਸ਼ੂਟਸ’ ਦੀ ਖੋਜ ਕਰ ਕੇ ਹਵਾਈ ਜਹਾਜ਼ ਸੁਰੱਖਿਆ ’ਚ ਮਹੱਤਵਪੂਰਨ ਯੋਗਦਾਨ ਪਾਇਆ ਸੀ, ਜਿਸ ਨੂੰ ‘ਸਲਾਈਡ-ਰਾਫ਼ਟ’ ਵੱਜੋਂ ਵੀ ਜਾਣਿਆ ਜਾਂਦਾ ਹੈ। ‘ਇਸਕੇਪ ਸ਼ੂਟਸ’ ਜਹਾਜ਼ ਨਾਲ ਬੱਚਿਆਂ ਦੇ ਝੂਟੇ ਵਾਂਗ ਲਟਕ ਜਾਦਾ ਹੈ ਜਿਸ ਤੋਂ ਲੋਕ ਰੁੜ੍ਹ ਕੇ ਤੁਰੰਤ ਹੇਠਾਂ ਉਤਰ ਸਕਦੇ ਹਨ ਅਤੇ ਇਸ ਨੂੰ ਜ਼ਮੀਨ ਜਾਂ ਪਾਣੀ ਦੋਹਾਂ ਥਾਵਾਂ ’ਤੇ ਐਮਰਜੈਸੀ ਦੌਰਾਨ ਵਰਤਿਆ ਜਾ ਸਕਦਾ ਹੈ। ਇਸ ਦਾ ਪ੍ਰਯੋਗ 2009 ’ਚ ਅਮਰੀਕੀ ਏਅਰਵੇਜ਼ ਦੀ ਫ਼ਾਈਟ 1549 ’ਚੋਂ ਵੀ ਮੁਸਾਫ਼ਰਾਂ ਨੂੰ ਸੁਰੱਖਿਅਤ ਕੱਢਣ ਲਈ ਕੀਤਾ ਗਿਆ ਸੀ ਜਦੋਂ ਜਹਾਜ਼ ਨੂੰ ਹਡਸਨ ਦਰਿਆ ’ਚ ਉਤਾਰਨਾ ਪਿਆ ਸੀ।

‘ਇਸਕੇਪ ਸ਼ੂਟਸ’ ਹਰ ਹਵਾਈ ਜਹਾਜ਼ ’ਤੇ ਹੋਣਾ ਲਾਜ਼ਮੀ ਹੈ ਜਿਸ ਨੂੰ ਐਮਰਜੈਂਸੀ ਦੀ ਹਾਲਤ ’ਚ ਹਵਾ ਭਰ ਕੇ ਤੁਰੰਤ ਹਵਾਈ ਜਹਾਜ਼ ਤੋਂ ਉਤਰਨ ਲਈ ਵਰਤਿਆ ਜਾ ਸਕਦਾ ਹੈ। ਜੈਟ ਗ੍ਰਾਂਟ ਆਸਟ੍ਰੇਲੀਆਈ ਏਅਰਲਾਈਨ ਕੰਪਨੀ ਕੁਆਂਟਾਸ ’ਚ ਸੁਰੱਖਿਆ ਸੂਪਰਟੈਂਡੈਂਟ ਵੱਜੋਂ ਕੰਮ ਕਰਦਾ ਸੀ ਅਤੇ ‘ਇਸਕੇਪ ਸ਼ੂਟਸ’ ਦੀ ਖੋਜ ਲਈ ਉਸ ਨੂੰ 1975 ’ਚ ‘ਗਿਲਡ ਆਫ਼ ਏਅਰ ਪਾਈਲਟ ਐਂਡ ਏਅਰ ਨੇਵੀਗੇਟਰਸ’ ਵੱਲੋਂ ਸਨਮਾਨਤ ਕੀਤਾ ਗਿਆ ਸੀ।

Leave a Comment