ਵਿਕਟੋਰੀਆ ਦੀ ਅਦਾਲਤ ’ਤੇ ਸਾਇਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼, ਜਾਣੋ ਕਿਸ ’ਤੇ ਹੈ ਸ਼ੱਕ

ਮੈਲਬਰਨ: ਆਸਟ੍ਰੇਲੀਆ ਸਭ ਤੋਂ ਵੱਡੀ ਅਦਾਲਤੀ ਪ੍ਰਣਾਲੀ ਕੋਰਟ ਸਰਵਿਸਿਜ਼ ਵਿਕਟੋਰੀਆ (CSV) ’ਤੇ ਸਾਈਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੈਕਰਾਂ ਨੇ 1 ਨਵੰਬਰ ਤੋਂ 21 ਦਸੰਬਰ ਤੱਕ ਵੀਡੀਓ ਅਤੇ ਆਡੀਓ ਰਿਕਾਰਡਿੰਗ ਅਤੇ ਟ੍ਰਾਂਸਕ੍ਰਿਪਸ਼ਨ ਸਮੇਤ ਸੈਂਕੜੇ ਅਦਾਲਤੀ ਕਾਰਵਾਈਆਂ ਤੋਂ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਲਈ ਅਤੇ ਵਾਪਸ ਦੇਣ ਬਦਲੇ ਪੈਸੇ ਮੰਗੇ। ਅਜਿਹੀਆਂ ਚਿੰਤਾਵਾਂ ਹਨ ਕਿ ਬਹੁਤ ਸੰਵੇਦਨਸ਼ੀਲ ਮਾਮਲਿਆਂ ਦੇ ਗਵਾਹਾਂ ਦੀਆਂ ਗਵਾਹੀਆਂ ਸਮੇਤ ਸੁਣਵਾਈਆਂ ਦੀਆਂ ਰਿਕਾਰਡਿੰਗਾਂ ਤੱਕ ਪਹੁੰਚ ਕੀਤੀ ਗਈ ਹੋ ਸਕਦੀ ਹੈ ਜਾਂ ਚੋਰੀ ਹੋ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਕੰਮ ਰੂਸੀ ਦੇ ਹੈਕਰਾਂ ਦਾ ਹੋ ਸਕਦਾ ਹੈ।

ਹਮਲੇ ਦਾ ਪਤਾ 21 ਦਸੰਬਰ ਨੂੰ ਲੱਗਾ। CSV ਨੇ ਪ੍ਰਭਾਵਿਤ ਨੈੱਟਵਰਕ ਨੂੰ ਵੱਖਰਾ ਕਰਨ ਅਤੇ ਅਦਾਲਤਾਂ ਵਿੱਚ ਨਿਰੰਤਰ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ। ਹਮਲੇ ਦੇ ਬਾਵਜੂਦ, ਕਾਰਜਕਾਰੀ ਪ੍ਰੀਮੀਅਰ ਬੇਨ ਕੈਰੋਲ ਨੇ ਭਰੋਸਾ ਦਿੱਤਾ ਕਿ ਅਦਾਲਤ ਦਾ ਕੰਮਕਾਜ ਪ੍ਰਭਾਵਿਤ ਨਹੀਂ ਹੋਇਆ ਹੈ ਅਤੇ ਸਾਰੇ ਅਦਾਲਤੀ ਕੇਸ, ਸੁਣਵਾਈਆਂ, ਸਬੂਤ ਅਤੇ ਪ੍ਰਕਿਰਿਆਵਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਪ੍ਰਭਾਵਿਤ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਇੱਕ ਕੇਂਦਰ ਸਥਾਪਤ ਕੀਤਾ ਗਿਆ ਹੈ। ਪ੍ਰਭਾਵਤ ਵਿਅਕਤੀ 03 9087 6116 ’ਤੇ ਕਾਲ ਕਰ ਕੇ ਜਾਂ CSVData@courts.vic.gov.au ’ਤੇ ਈ-ਮੇਲ ਕਰ ਕੇ ਸੰਪਰਕ ਕਰ ਸਕਦੇ ਹਨ।

Leave a Comment