ਮੈਲਬਰਨ: ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਇਕ ਪਿੰਡ, ਕਿਰਿਆਤ ਸ਼ਮੋਨਾ, ‘ਤੇ ਮਿਜ਼ਾਈਲ ਹਮਲਾ ਉਸ ਹਵਾਈ ਹਮਲੇ ਦਾ ਬਦਲਾ ਸੀ, ਜਿਸ ‘ਚ ਆਸਟ੍ਰੇਲੀਆਈ ਭਰਾ ਅਲੀ ਅਤੇ ਇਬਰਾਹਿਮ ਬਾਜ਼ੀ ਅਤੇ ਇਬਰਾਹਿਮ ਦੀ ਪਤਨੀ ਸ਼ੋਰਾਕ ਹਮਮੂਦ ਸਮੇਤ ਹੋਰ ਮਾਰੇ ਗਏ ਸਨ।
ਲੇਬਨਾਨ ਦੇ ਮਿਲੀਟੈਂਟ ਸਮੂਹ ਅਤੇ ਪ੍ਰਮੁੱਖ ਰਾਜਨੀਤਿਕ ਪਾਰਟੀ ਨੇ ਸ਼ੁੱਕਰਵਾਰ ਨੂੰ ਅਲੀ ਬਾਜ਼ੀ ਨੂੰ ਆਪਣੇ ‘ਮੁਜਾਹਿਦ’ ਲੜਾਕਿਆਂ ਵਿਚੋਂ ਇਕ ਹੋਣ ਦਾ ਦਾਅਵਾ ਕੀਤਾ ਅਤੇ ਉਸ ਦੇ ਭਰਾ ਅਤੇ ਭਾਬੀ ਨੂੰ ਸ਼ਹੀਦ ਕਰਾਰ ਦਿੱਤਾ। ਆਸਟ੍ਰੇਲੀਆ ਦੀ ਫੈਡਰਲ ਸਰਕਾਰ ਅਲੀ ਬਾਜ਼ੀ ਦੇ ਹਿਜ਼ਬੁੱਲਾ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ, ਪਰ ਫੈਡਰਲ ਮੰਤਰੀ ਬਿਲ ਸ਼ਾਰਟਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਤਕ ਪੂਰੇ ਤੱਥ ਨਹੀਂ ਹਨ।
ਸਥਾਨਕ ਮੀਡੀਆ ਨੇ ਦੱਸਿਆ ਕਿ ਭਰਾ ਇਬਰਾਹਿਮ (27) ਅਤੇ ਅਲੀ ਬਾਜ਼ੀ (30) ਮੰਗਲਵਾਰ ਨੂੰ ਬਿੰਟ ਜਬੇਲ ਸ਼ਹਿਰ ਦੇ ਕੇਂਦਰ ਵਿਚ ਇਕ ਹਵਾਈ ਹਮਲੇ ਵਿਚ ਮਾਰੇ ਗਏ ਸਨ। ਇਸ ਹਮਲੇ ‘ਚ ਇਬਰਾਹਿਮ ਦੀ ਪਤਨੀ ਹਮਮੂਦ ਦੀ ਵੀ ਮੌਤ ਹੋ ਗਈ। ਹਮਦੂਦ ਨੂੰ ਪਿੱਛੇ ਜਿਹੇ ਹੀ ਆਸਟ੍ਰੇਲੀਆ ਦਾ ਵੀਜ਼ਾ ਮਿਲਿਆ ਸੀ ਅਤੇ ਵਿਆਹੁਤਾ ਜੋੜੇ ਦੀ ਸਿਡਨੀ ਜਾਣ ਦੀ ਯੋਜਨਾ ਸੀ। ਇਬਰਾਹਿਮ ਆਪਣੀ ਪਤਨੀ ਨੂੰ ਲੇਬਨਾਨ ਤੋਂ ਆਸਟ੍ਰੇਲੀਆ ਲੈ ਕੇ ਜਾਣ ਲਈ ਇੱਥੇ ਆਇਆ ਸੀ। ਆਸਟ੍ਰੇਲੀਆ ਸਰਕਾਰ ਨੇ ਲੇਬਨਾਨ ਤੋਂ ਸਾਰੇ ਆਸਟ੍ਰੇਲੀਆ ਵਾਸੀਆਂ ਨੂੰ ਛੇਤੀ ਤੋਂ ਛੇਤੀ ਨਿਕਲਣ ਦੀ ਸਲਾਹ ਦਿੱਤੀ ਹੈ।