ਮੈਲਬਰਨ: ਹਾਲੀਵੁੱਡ ਦੀ ਇੱਕ ਹੋਰ ਵੱਡੀ ਸ਼ਖ਼ਸੀਅਤ ਜਿਨਸੀ ਸੋਸ਼ਣ ਦੇ ਦੋਸ਼ਾਂ ’ਚ ਫੱਸ ਗਈ ਹੈ। ‘ਫਾਸਟ ਐਂਡ ਫਿਊਰਿਅਸ’ ਫ੍ਰੈਂਚਾਇਜ਼ੀ ਦੇ ਮੁੱਖ ਅਦਾਕਾਰ ਵਿਨ ਡੀਜ਼ਲ ‘ਤੇ ਵੀਰਵਾਰ ਨੂੰ ਉਸ ਦੀ ਇੱਕ ਸਾਬਕਾ ਸਹਾਇਕ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।
ਇਹ ਘਟਨਾ ਕਥਿਤ ਤੌਰ ‘ਤੇ 2010 ‘ਚ ‘ਫਾਸਟ ਫਾਈਵ’ ਨਾਮਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਾਪਰੀ ਸੀ। ਅਸਟਾ ਜੋਨਾਸਨ ਨੇ ਕਿਹਾ ਕਿ ਜਦੋਂ ਉਹ ਉਸ ਦੀ ਸਹਾਇਕ ਵਜੋਂ ਕੰਮ ਕਰ ਰਹੀ ਸੀ ਤਾਂ ਵਿਨ ਡੀਜ਼ਲ ਨੇ ਉਸ ਨਾਲ ਜ਼ਬਰਦਸਤੀ ਕੀਤੀ ਸੀ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਕਥਿਤ ਜਿਨਸੀ ਹਮਲੇ ਦੇ ਕੁਝ ਘੰਟਿਆਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਜੋਨਾਸਨ ਨੇ ਅਦਾਕਾਰ, ਉਸ ਦੀ ਪ੍ਰੋਡਕਸ਼ਨ ਕੰਪਨੀ ਅਤੇ ਵਨ ਰੇਸ ਪ੍ਰੋਡਕਸ਼ਨ ਦੇ ਪ੍ਰਧਾਨ ਵਜੋਂ ਕੰਮ ਕਰਨ ਵਾਲੀ ਉਸ ਦੀ ਭੈਣ ‘ਤੇ ਲਿੰਗ ਅਧਾਰਤ ਵਿਤਕਰੇ, ਕੰਮ ਲਈ ਖ਼ਤਰਨਾਕ ਵਾਤਾਵਰਣ, ਬਦਲਾ ਲੈਣ ਅਤੇ ਗਲਤ ਤਰੀਕੇ ਨਾਲ ਬਰਖਾਸਤਗੀ ਦਾ ਮੁਕੱਦਮਾ ਦਰਜ ਕੀਤਾ ਹੈ।