ਮੈਲਬਰਨ: 25 ਸਾਲ ਦੇ ਸਿਕਿਉਰਿਟੀ ਗਾਰਡ ਰਮਨਦੀਪ ਸਿੰਘ ਦੀ ਵੈਸਟ ਆਕਲੈਂਡ ਦੇ ਪਾਰਕ ’ਚ ਲਾਸ਼ ਮਿਲੀ ਹੈ (Punjabi Security guard killed)। ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ 26 ਸਾਲ ਦੇ ਵਿਅਕਤੀ ‘ਤੇ ਕਤਲ ਦਾ ਦੋਸ਼ ਲਗਾਇਆ ਹੈ। ਉਸ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
2018 ਵਿਚ ਸਟੱਡੀ ਵੀਜ਼ਾ ‘ਤੇ ਨਿਊਜ਼ੀਲੈਂਡ ਆਇਆ ਰਮਨਦੀਪ ਸਿੰਘ ਪੰਜਾਬ ’ਚ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਨਾਲ ਸਬੰਧਤ ਸੀ। ਰਮਨਦੀਪ ਸਿੰਘ ਦੇ ਨਿਊਜ਼ੀਲੈਂਡ ਵਸਦੇ ਦੋਸਤਾਂ ਵਲੋਂ ਉਸ ਦੀ ਮੌਤ ਬਾਰੇ ਪੰਜਾਬ ’ਚ ਉਸ ਦੇ ਪਰਿਵਾਰ ਨੂੰ ਫੋਨ ਕਰ ਕੇ ਦਸਿਆ ਗਿਆ। ਇੱਕਲੌਤੇ ਪੁੱਤ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਅਤੇ ਪੂਰੇ ਪਿੰਡ ਵਿਚ ਦੁੱਖ ਦੀ ਲਹਿਰ ਪਸਾਰ ਦਿਤੀ।
ਆਰਮੋਰਗਾਰਡ ਦੇ ਜਨਰਲ ਮੈਨੇਜਰ ਸ਼ੇਨ ਓ’ਹਾਲੋਰਾਨ ਨੇ ਜਾਣਕਾਰੀ ਦਿੱਤੀ ਹੈ ਕਿ ਕਤਲ ਦਾ ਸ਼ਿਕਾਰ ਉਨ੍ਹਾਂ ਦਾ ਇਕ ਸਟਾਫ ਮੈਂਬਰ ਸੀ। ਆਰਮੋਰਗਾਰਡ ਨੇ ਟਵੀਟ ਕੀਤਾ, ‘‘ਬਹੁਤ ਦੁੱਖ ਨਾਲ ਆਰਮਰਗਾਰਡ ਪੁਸ਼ਟੀ ਕਰ ਰਿਹਾ ਹੈ ਕਿ 25 ਸਾਲ ਦਾ ਰਮਨਦੀਪ ਸਿੰਘ, ਜੋ ਕਿ ਇੱਕ ਠੇਕੇਦਾਰ ਰਾਹੀਂ ਸੰਗਠਨ ਲਈ ਕੰਮ ਕਰਦਾ ਸੀ, ਕੱਲ੍ਹ ਸਵੇਰੇ ਆਕਲੈਂਡ ਦੇ ਮੈਸੀ ਵਿੱਚ ਮ੍ਰਿਤਕ ਪਾਇਆ ਗਿਆ ਸੀ। ਅਸੀਂ ਰਮਨਦੀਪ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕਰ ਰਹੇ ਹਾਂ।’’
ਰਮਨਦੀਪ ਸਿੰਘ ਦਾ ਨਾਮ ਵੈਟਾਕੇਰੇ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਅਦਾਲਤੀ ਦਸਤਾਵੇਜ਼ਾਂ ਵਿੱਚ ਪੀੜਤ ਵਜੋਂ ਵੀ ਸੂਚੀਬੱਧ ਕੀਤਾ ਗਿਆ ਸੀ। ਸੋਮਵਾਰ ਅੱਧੀ ਰਾਤ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਅਤੇ ਮੈਸੀ ਦੇ ਰਾਇਲ ਰਿਜ਼ਰਵ ਵਿਖੇ ਕਾਰ ਪਾਰਕ ਵਿਚ ਉਸ ਦੀ ਲਾਸ਼ ਮਿਲਣ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਜਾਂ ਦੋਸ਼ਾਂ ਤੋਂ ਇਨਕਾਰ ਨਹੀਂ ਕਰ ਰਹੀ ਹੈ।