ਮੈਲਬਰਨ: ਆਸਟ੍ਰੇਲੀਆ ਦੀ ਇਕ ਟ੍ਰੈਵਲ ਏਜੰਸੀ ਨੇ ਅਚਾਨਕ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਇਸ ਦੇ ਦਰਜਨਾਂ ਨਿਰਾਸ਼ ਗਾਹਕ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਕਟੋਰੀਆ ਦੇ ਇੱਕ ਘਰ ਤੋਂ ਚੱਲ ਰਹੇ ਕਾਰੋਬਾਰ ਸਿਓਨ ਟ੍ਰੈਵਲਜ਼ (Syon Travels) ਦੇ ਕੁਝ ਗਾਹਕਾਂ ਨੂੰ ਤਾਂ ਹਵਾਈ ਅੱਡੇ ‘ਤੇ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਬੁਕਿੰਗ ਮੌਜੂਦ ਨਹੀਂ ਸੀ ਅਤੇ ਉਡਾਣਾਂ ਲਈ ਭੁਗਤਾਨ ਨਹੀਂ ਕੀਤਾ ਗਿਆ ਸੀ। ਦੋਸ਼ ਹੈ ਕਿ ਦੇਸ਼ ਭਰ ਦੇ 50 ਤੋਂ ਵੱਧ ਗਾਹਕਾਂ ਤੋਂ ਜਾਅਲੀ ਫਲਾਈਟ ਬੁਕਿੰਗ ਬਦਲੇ ਲਗਭਗ 250,000 ਡਾਲਰ ਠੱਗ ਲਏ ਗਏ।
ਹਾਲਾਂਕਿ, ਕਾਰੋਬਾਰ ਦੇ ਮਾਲਕ ਨਾਨੀ ਰਾਮ ਅਰਿਆਲ ਨੇ ਸੋਸ਼ਲ ਮੀਡੀਆ ‘ਤੇ ਇਕ ਐਲਾਨ ਵਿਚ ਕਿਹਾ ਕਿ ਕੰਪਨੀ ਦੀ ਸਥਿਤੀ ਦੇ ਬਾਵਜੂਦ, ਉਹ ਗਾਹਕਾਂ ਦੇ ਸਾਰੇ ਭੁਗਤਾਨ ਸਮੇਂ ਸਿਰ ਵਾਪਸ ਕਰਨਗੇ। ਅਰਿਆਲ ਨੇ ਕਿਸੇ ਵੀ ਗਾਹਕਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਨੂੰ ਕੋਈ ਸਮੱਸਿਆ ਹੈ ਉਹ syongroups@gmail.com ‘ਤੇ ਉਸ ਨੂੰ ਈਮੇਲ ਕਰਨ।
ਹਾਲਾਂਕਿ, ਗੁੱਸੇ ਵਿੱਚ ਆਏ ਗਾਹਕਾਂ ਨੇ ਧੋਖਾਧੜੀ ਦੇ ਡਰ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਰਿਪੋਰਟ ਕੀਤੀ ਹੈ। ਆਸਟ੍ਰੇਲੀਆ ਦੇ ਪ੍ਰਮੁੱਖ ਟਰੈਵਲ ਏਜੰਟਾਂ ਵਿਚੋਂ ਇਕ ਹੋਣ ਦਾ ਦਾਅਵਾ ਕਰਨ ਵਾਲੀ ਇਸ ਵੈੱਬਸਾਈਟ ਨੂੰ ਕਦੇ ਮਾਨਤਾ ਨਹੀਂ ਦਿੱਤੀ ਗਈ।