‘ਏਨੀ ਬਾਰਸ਼ ਕਦੇ ਨਹੀਂ ਵੇਖੀ’, ਕੁਈਨਜ਼ਲੈਂਡ ’ਚ ਹੜ੍ਹਾਂ ਨੇ ਮਚਾਈ ਤਬਾਹੀ, ਜਹਾਜ਼ ਵੀ ਡੁੱਬੇ (Queensland Flood Emergency)

ਮੈਲਬਰਨ: ਧੁਰ ਉੱਤਰੀ ਕੁਈਨਜ਼ਲੈਂਡ ਵਿਚ ਹੜ੍ਹ ਐਮਰਜੈਂਸੀ (Queensland Flood Emergency) ਪੈਦਾ ਹੋ ਗਈ ਹੈ ਅਤੇ ਲੋਕਾਂ ਦੇ ਘਰ ਪਾਣੀ ਵਿਚ ਡੁੱਬਣ ਕਾਰਨ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਕਈ ਪ੍ਰਵਾਰਾਂ ਦਾ ਸਭ ਕੁਝ ਹੜ੍ਹਾਂ ਦੇ ਪਾਣੀ ’ਚ ਰੁੜ੍ਹ ਗਿਆ ਹੈ। ਚੱਕਰਵਾਤੀ ਇੱਥੋਂ ਤਕ ਕਿ ਪੀਣ ਦੇ ਪਾਣੀ ਦੀ ਵੀ ਕਿੱਲਤ ਪੈਦਾ ਹੋ ਗਈ ਹੈ। ਤੂਫਾਨ ਜੈਸਪਰ ਕਾਰਨ ਹੋਈ ਭਾਰੀ ਬਾਰਸ਼ ਤੋਂ ਬਾਅਦ ਉੱਤਰੀ ਕੁਈਨਜ਼ਲੈਂਡ ਦੀਆਂ ਪ੍ਰਮੁੱਖ ਸੜਕਾਂ ਰਿਕਾਰਡ ਪੱਧਰ ਦੇ ਹੜ੍ਹਾਂ ’ਚ ਡੁੱਬ ਚੁਕੀਆਂ ਹਨ। ਪੰਜ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਤੋਂ ਬਾਅਦ ਅੱਜ ਹੋਰ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਹੜ੍ਹ ਦਾ ਪਾਣੀ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਕੁਝ ਇਲਾਕਿਆਂ ਵਿੱਚ ਸਿਰਫ ਛੇ ਘੰਟਿਆਂ ਵਿੱਚ 400 ਮਿਲੀਮੀਟਰ ਤੋਂ ਵੱਧ ਬਾਰਸ਼ ਹੋਈ। ਨਦੀਆਂ ਆਪਣੇ ਕੰਢੇ ਤੋੜ ਰਹੀਆਂ ਹਨ ਅਤੇ ਕ੍ਰਿਸਮਸ ਤੋਂ ਇਕ ਹਫਤਾ ਪਹਿਲਾਂ ਕੇਅਰਨਜ਼ ਹਵਾਈ ਅੱਡਾ ਦੂਜੀ ਵਾਰ ਬੰਦ ਕਰਨਾ ਪਿਆ। ਇੱਥੋਂ ਤਕ ਕਿ ਕੁਝ ਜਹਾਜ਼ ਵੀ ਪਾਣੀ ਦੇ ਹੇਠਾਂ ਵੀ ਚਲੇ ਗਏ ਹਨ। ਪ੍ਰੀਮੀਅਰ ਸਟੀਵਨ ਮਾਈਲਸ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਇਹ ਹੋਰ ਵੀ ਬਦਤਰ ਹੋ ਸਕਦੀ ਹੈ। ਮਾਈਲਜ਼ ਨੇ ਕਿਹਾ ਕਿ 1977 ਦੇ ਹੜ੍ਹ ਦੇ ਪੱਧਰ ਨੂੰ ਪਾਰ ਕਰਨ ਦੀ ਉਮੀਦ ਹੈ।

ਬੀਤੀ ਦੇਰ ਰਾਤ ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਨੇ ਰਾਜ ਐਮਰਜੈਂਸੀ ਸੇਵਾਵਾਂ, ਫਾਇਰ ਫਾਈਟਰਜ਼ ਅਤੇ ਪੁਲਿਸ ਦੀਆਂ ਕਿਸ਼ਤੀਆਂ ਦੇ ਨਾਲ-ਨਾਲ ਸਰਫ ਲਾਈਫ ਸੇਵਿੰਗ ਅਤੇ ਜਲ ਸੈਨਾ ਦੇ ਛੋਟੇ ਜਹਾਜ਼ਾਂ ਨੂੰ ਮਦਦ ਲਈ ਭੇਜਿਆ ਹੈ। ਮਾਈਲਜ਼ ਨੇ ਕਿਹਾ ਕਿ ਉਨ੍ਹਾਂ ਨੇ ‘ਇਸ ਤਰ੍ਹਾਂ ਦੀ ਬਾਰਸ਼ ਪਹਿਲਾਂ ਕਦੇ ਨਹੀਂ ਵੇਖੀ।’ ਡਿਪਟੀ ਪੁਲਿਸ ਕਮਿਸ਼ਨਰ ਸ਼ੇਨ ਚੇਲੇਪੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗੱਡੀ ਚਲਾਉਣ ਜਾਂ ਤੈਰਾਕੀ ਕਰਨ ਦਾ ਜੋਖਮ ਨਾ ਲੈਣ। ਉਨ੍ਹਾਂ ਕਿਹਾ ਕਿ 10,500 ਘਰਾਂ ‘ਚ ਬਿਜਲੀ ਨਹੀਂ ਹੈ।

ਇੱਕ ਸਾਲ ਜਿੰਨਾ ਮੀਂਹ ਸਿਰਫ਼ ਪੰਜ ਦਿਨਾ ’ਚ

ਪਿਛਲੇ ਪੰਜ ਦਿਨਾਂ ਦੌਰਾਨ ਨਾਰਥ ਕੁਈਨਜ਼ਲੈਂਡ ’ਚ ਏਨੀ ਬਾਰਿਸ਼ ਹੋ ਚੁੱਕੀ ਹੈ ਜਿੰਨੀ ਆਮ ਤੌਰ ’ਤੇ ਕੇਅਰਨਸ ਜਾਂ ਡਾਰਵਿਨ ਸ਼ਹਿਰਾਂ ’ਚ ਪੂਰੇ ਸਾਲ ਦੌਰਾਨ ਪੈਂਦੀ ਹੈ। ਮਾਇਓਲਾ ’ਚ ਪਿਛਲੇ ਪੰਜ ਦਿਨਾਂ ਦੌਰਾਨ 2025 ਮਿਲੀਮੀਟਰ ਮੀਂਹ ਦਰਜ ਕੀਤਾ ਜਾ ਚੁੱਕਾ ਹੈ। ਜਦਕਿ ਕੇਅਰਨਸ ’ਚ ਔਸਤਨ ਸਾਲਾਨਾ ਮੀਂਹ 1992 ਮਿਲੀਮੀਟਰ ਦਰਜ ਕੀਤਾ ਜਾਂਦਾ ਹੈ।