ਮੈਲਬਰਨ: ਕੱਪੜਿਆਂ ਲਈ ਮਸ਼ਹੂਰ ਕੰਪਨੀ ‘ਕਾਠਮੰਡੂ’ ਦੀ ਸੰਸਥਾਪਕ ਜਾਨ ਕੈਮਰੂਨ ’ਤੇ 140 ਲੱਖ ਡਾਲਰ ਦੇ ਸ਼ੇਅਰ ਖ਼ਰੀਦ ਕੇ ਇਨ੍ਹਾਂ ਦਾ ਖ਼ੁਲਾਸਾ ਨਾ ਕਰਨ ਦੇ ਦੋਸ਼ ਸਾਬਤ ਹੋ ਗਏ ਹਨ। ਇਹ ਸ਼ੇਅਰ ਉਸ ਨੇ ਬੱਚਿਆਂ ਲਈ ਭੋਜਨ ਬਣਾਉਣ ਵਾਲੀ ਕੰਪਨੀ ‘ਬੈਲਾਮੇਅਜ਼’ ’ਚ ਖ਼ਰੀਦੇ ਸਨ। ਪਰ ਸ਼ੇਅਰਾਂ ਦੀ ਖ਼ਰੀਦ ’ਚ ਆਪਣਾ ਨਾਂ ਲਿਖਣ ਦੀ ਬਜਾਏ ਉਸ ਨੇ ਇੱਕ ਡੱਚ ਕੈਰੀਬੀਅਨ ਟਾਪੂ ਸਥਿਤ ਇਕਾਈ ਦਾ ਨਾਂ ਲਿਖ ਦਿੱਤਾ ਸੀ।
ਇਹ ਦੋਸ਼ ਤਸਮਾਨੀਆ ਮੂਲ ਦੀ ਕਾਰੋਬਾਰੀ ਕੈਮਰੂਨ ‘ਤੇ 2020 ‘ਚ ਆਸਟ੍ਰੇਲੀਆਈ ਸਕਿਓਰਿਟੀਜ਼ ਇਨਵੈਸਟਮੈਂਟਸ ਕਮਿਸ਼ਨ (ASIC) ਨੇ ਲਾਏ ਸਨ ਕਿ ਉਸ ਨੇ 2014 ’ਚ ਆਪਣੇ ਨਾਂ ਦੀ ਬਜਾਏ ਕੁਰਾਕਾਓ ਸਥਿਤ ਬਲੈਕ ਪ੍ਰਿੰਸ ਪ੍ਰਾਈਵੇਟ ਫਾਊਂਡੇਸ਼ਨ ਦੀ ਵਰਤੋਂ ਸ਼ੇਅਰ ਖਰੀਦਣ ਲਈ ਕੀਤੀ ਸੀ ਅਤੇ ਆਸਟ੍ਰੇਲੀਆਈ ਸਕਿਓਰਿਟੀਜ਼ ਐਕਸਚੇਂਜ (ASX) ਨੂੰ ਇਸ ਖਰੀਦ ਦਾ ਖੁਲਾਸਾ ਕਰਨ ਵਿਚ ਅਸਫਲ ਰਹੀ। ਕੈਮਰੂਨ ਨੇ 2020 ਵਿਚ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ, ਪਰ ਮੈਜਿਸਟ੍ਰੇਟ ਡੇਲੀ ਨੇ ਪਾਇਆ ਕਿ ਦੋਵੇਂ ਵਾਜਬ ਸ਼ੱਕ ਤੋਂ ਪਰੇ ਸਾਬਤ ਹੋਏ ਸਨ।
ਜੱਜ ਨੇ ਕਿਹਾ ਕਿ ਕੈਮਰੂਨ ਸ਼ੇਅਰਾਂ ਦੀ ‘ਵੇਅਰਹਾਊਸਿੰਗ’ ਵਿੱਚ ਸ਼ਾਮਲ ਸੀ, ਜੋ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਸ਼ੇਅਰ ਕਿਸੇ ਅਜਿਹੇ ਵਿਅਕਤੀ ਵੱਲੋਂ ਸਟੋਰ ਕੀਤੇ ਜਾਂਦੇ ਹਨ ਜੋ ਬਿਨਾਂ ਪਤਾ ਲਗਾਏ ਕਿਸੇ ਕੰਪਨੀ ਦਾ ਕੰਟਰੋਲ ਪ੍ਰਾਪਤ ਕਰਨਾ ਚਾਹੁੰਦਾ ਹੈ। ਕੈਮਰੂਨ ਨੂੰ ਸਜ਼ਾ ਅਗਲੇ ਸਾਲ ਸੁਣਾਈ ਜਾਵੇਗੀ।