ਮੈਲਬਰਨ: ਬ੍ਰਿਟੇਨ ਦੇ ਇਕ ਘਰ ’ਚ ਰਹਿ ਰਹੇ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਡਾਕ ਰਾਹੀਂ ਉਨ੍ਹਾਂ ਨੂੰ ਇੱਕ Postcard ਆਇਆ ਜੋ ਕਿ 40 ਸਾਲ ਪਹਿਲਾਂ ਆਸਟ੍ਰੇਲੀਆ ਤੋਂ ਭੇਜਿਆ ਗਿਆ ਸੀ। ਇਹ ਪੋਸਟਕਾਰਡ 27 ਅਗਸਤ, 1981 ਨੂੰ ਸਿਡਨੀ ਦੇ ਡਾਵੇਸ ਪੁਆਇੰਟ ਦੇ ਬੈਰੀ ਨਾਮ ਦੇ ਵਿਅਕਤੀ ਵੱਲੋਂ ਲਿਖਿਆ ਅਤੇ ਪੋਸਟ ਕੀਤਾ ਗਿਆ ਸੀ। ਇਸ ਨੂੰ ਯੂ.ਕੇ. ਦੇ ਕੈਂਟ ਵਿੱਚ ਸਟੀਵ ਪੇਗੇਟ ਨੂੰ ਭੇਜਿਆ ਕੀਤਾ ਗਿਆ ਸੀ। ਪਰ ਹੱਥ ਨਾਲ ਲਿਖੀ ਇਹ ਚਿੱਠੀ 42 ਕੁ ਸਾਲ ਬਾਅਦ ਇਸ ਮਹੀਨੇ ਦੇ ਸ਼ੁਰੂ ’ਚ ਹੀ ਆਪਣੇ ਪਤੇ ’ਤੇ ਪੁੱਜੀ ਹੈ, ਜਿਸ ਨੂੰ ਘਰ ਦੀ ਮੌਜੂਦਾ ਮਾਲਕ, ਸਮੰਥਾ ਵਿਲੀਅਮਜ਼ ਨੂੰ ਦਿੱਤਾ ਗਿਆ।
ਵਿਲੀਅਮਜ਼ ਵੀ ਇਹ ਪੋਸਟਕਾਰਡ ਪੇਗੇਟ ਨੂੰ ਦੇਣ ਲਈ ਦ੍ਰਿੜ ਹੈ, ਜੋ ਆਪਣੇ ਸਾਥੀ ਬੈਰੀ ਦੀ ਇਹ ਚਿੱਠੀ ਚਾਰ ਦਹਾਕਿਆਂ ਤੋਂ ਉਡੀਕ ਕਰ ਰਿਹਾ ਹੈ। ਪੋਸਟਕਾਰਡ ’ਤੇ ਲਿਖਿਆ ਹੈ, ‘‘ਪਿਆਰੇ ਪੈਗੇਟ, ਤੁਸੀਂ ਵਿਸ਼ਵਾਸ ਨਹੀਂ ਹੋਵੇਗਾ ਪਰ ਤੁਹਾਡੀ 8 ਮਈ (ਤਿੰਨ ਮਹੀਨੇ ਪਹਿਲਾਂ) ਦੀ ਚਿੱਠੀ ਮੈਂ ਅੱਜ ਪੜ੍ਹੀ। ਸੰਪਰਕ ਵਿੱਚ ਨਾ ਰਹਿਣ ਲਈ ਅਫਸੋਸ ਹੈ, ਪਰ ਤੁਸੀਂ ਬਸਤੀਵਾਦੀ ਸਰਕਾਰ ਦੇ ਕੰਮਾਂ ਬਾਰੇ ਕੀ ਕਹਿ ਸਕਦੇ ਹੋ! ਉਮੀਦ ਹੈ ਕਿ ਤੁਸੀਂ ਗਰਮੀਆਂ ਦਾ ਆਨੰਦ ਮਾਣਿਆ ਹੋਵੇਗਾ, ਕੱਲ੍ਹ ਲਿਖਾਂਗਾ, ਮੈਂ ਬਿਲਕੁਲ ਠੀਕ ਹਾਂ।’’
ਵਿਲੀਅਮਜ਼ ਦਾ ਮੰਨਣਾ ਹੈ ਕਿ ਸਿਡਨੀ ਓਪੇਰਾ ਹਾਊਸ ਦੀ ਤਸਵੀਰ ਵਾਲਾ ਇਹ ਪੋਸਟਕਾਰਡ 35 ਸੈਂਟ ਦੀ ਮੋਹਰ ਲੱਗਣ ਕਾਰਨ ਡਾਕਘਰ ‘ਚ ਫਸ ਗਿਆ ਹੋਵੇਗਾ। ਇਹ ਸਪੱਸ਼ਟ ਨਹੀਂ ਹੈ ਕਿ ਬੈਰੀ ਅਤੇ ਪੇਗੇਟ ਹੁਣ ਕੀ ਕਰ ਰਹੇ ਹਨ, ਪਰ ਵਿਲੀਅਮਜ਼ ਦਾ ਕਹਿਣਾ ਹੈ ਕਿ ਉਹ ਇਹ ਪਤਾ ਲਗਾਉਣ ਲਈ ਦ੍ਰਿੜ ਹੈ।