ਭਾਰਤ ’ਤੇ ਕੈਨੇਡਾ ਅਤੇ ਅਮਰੀਕਾ ਦੇ ਦੋਸ਼ਾਂ ਬਾਰੇ ਆਸਟ੍ਰੇਲੀਆ ਨੇ ਪ੍ਰਗਟਾਈ ਚਿੰਤਾ, ਪਰ ਭਾਰਤ ਨਾਲ ਦੋਸਤੀ ਨੂੰ ਦਿੱਤੀ ਤਰਜੀਹ

ਮੈਲਬਰਨ: ਅਮਰੀਕਾ ਵੱਲੋਂ ਕਤਲ ਦੀ ਅਸਫਲ ਸਾਜਿਸ਼ ਨਾਲ ਭਾਰਤ ਦੇ ਸਬੰਧ ਹੋਣ ਦੇ ਦੋਸ਼ਾਂ ਅਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ਨਾਲ ਜੁੜੇ ਕੈਨੇਡਾ ਦੇ ਦੋਸ਼ਾਂ ਦੇ ਪਿਛੋਕੜ ‘ਚ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਸ ਨੂੰ ਇਨ੍ਹਾਂ ਮਾਮਲਿਆਂ ‘ਤੇ ਚਿੰਤਾ ਹੈ। ਹਾਲਾਂਕਿ ਆਸਟ੍ਰੇਲੀਆ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਅਤੇ ਕੈਨਬਰਾ ‘ਮਤਭੇਦਾਂ’ ਅਤੇ ‘ਸੰਵੇਦਨਸ਼ੀਲ’ ਮੁੱਦਿਆਂ ਨੂੰ ਸੁਲਝਾਉਣ ਦੇ ਸਮਰੱਥ ਹਨ।

ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਕਿ ਦੋਵੇਂ ਪੱਖ ਬੰਦ ਦਰਵਾਜ਼ਿਆਂ ਦੇ ਪਿੱਛੇ ਇਨ੍ਹਾਂ ਮੁੱਦਿਆਂ ‘ਤੇ ਸੰਵੇਦਨਸ਼ੀਲਤਾ ਅਤੇ ਸਾਵਧਾਨੀ ਨਾਲ ਚਰਚਾ ਕਰਦੇ ਹਨ। ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ ਵੱਲੋਂ ਕਰਵਾਏ ਇਕ ਇੰਟਰਐਕਟਿਵ ਸੈਸ਼ਨ ‘ਚ ਰਾਜਦੂਤ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ‘ਤੇ ਭਾਰਤ ਨਾਲ ਆਸਟ੍ਰੇਲੀਆ ਦਾ ਸਬੰਧ ‘ਫਾਈਵ ਆਈਜ਼’ ਪਾਰਟਨਰ ਦੇ ਤੌਰ ‘ਤੇ ਘੱਟ ਅਤੇ ਭਾਰਤ ਦੇ ਦੋਸਤ ਦੇ ਤੌਰ ‘ਤੇ ਜ਼ਿਆਦਾ ਹੈ। ਫਾਈਵ ਆਈਜ਼ (FVEY) ਇੱਕ ਖੁਫੀਆ ਜਾਣਕਾਰੀ ਸਾਂਝੀ ਕਰਨ ਵਾਲਾ ਗੱਠਜੋੜ ਹੈ ਜਿਸ ਵਿੱਚ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਯੂ.ਕੇ. ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਸਤੰਬਰ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੂਨ ਵਿਚ ਕੈਨੇਡਾ ਦੀ ਧਰਤੀ ‘ਤੇ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟਾਂ ਦੀ ‘ਸੰਭਾਵਿਤ’ ਸ਼ਮੂਲੀਅਤ ਦਾ ਵਿਸਫੋਟਕ ਦੋਸ਼ ਲਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।

ਇਹ ਪੁੱਛੇ ਜਾਣ ‘ਤੇ ਕਿ ਕੀ ਆਸਟ੍ਰੇਲੀਆ ਭਾਰਤ ‘ਤੇ ਵੀ ਦੋਸਤੀ ਦਾ ਉਹੀ ਮਾਪਦੰਡ ਲਾਗੂ ਕਰੇਗਾ ਜੋ ਅਮਰੀਕਾ ‘ਤੇ ਲਾਗੂ ਹੁੰਦਾ ਹੈ, ਗ੍ਰੀਨ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ‘ਅਮਰੀਕਾ ਸਾਡੀ ਸੁਰੱਖਿਆ ਦਾ ਨੀਂਹ ਪੱਥਰ ਹੈ।’ ਰਾਜਦੂਤ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ‘ਚ ਦਹਾਕਿਆਂ ਦੇ ‘ਬਹੁਤ ਨਜ਼ਦੀਕੀ ਸਹਿਯੋਗ’ ਨਾਲ ਆਸਟ੍ਰੇਲੀਆ-ਅਮਰੀਕਾ ਸਹਿਯੋਗ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ-ਆਸਟ੍ਰੇਲੀਆ ਸਬੰਧਾਂ ਨੂੰ ਲੈ ਕੇ ਸਥਿਰਤਾ ਹੈ ਅਤੇ ਚੰਗੇ ਤਰੀਕੇ ਨਾਲ ਆਸਟ੍ਰੇਲੀਆ-ਭਾਰਤ ਸਬੰਧ ਇੰਨੇ ਸਥਿਰ ਨਹੀਂ ਹਨ। ਭਾਰਤ ਅਤੇ ਆਸਟ੍ਰੇਲੀਆ ਇਸ ਖੇਤਰ ’ਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਅਤੇ ਇਸ ਦਾ ਲਾਭ ਲੈਣ ਦੇ ਬਹੁਤ ਸਾਰੇ ਮੌਕੇ ਹਨ।

ਆਸਟ੍ਰੇਲੀਆ ’ਚ ਹਿੰਦੂ ਮੰਦਰਾਂ ’ਤੇ ਹਮਲੇ ਦਾ ਮਸਲਾ

ਆਸਟ੍ਰੇਲੀਆ ਵਿਚ ਹਿੰਦੂ ਮੰਦਰਾਂ ‘ਤੇ ਹਮਲਿਆਂ ਬਾਰੇ ਪੁੱਛੇ ਜਾਣ ‘ਤੇ ਗ੍ਰੀਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਇਨ੍ਹਾਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ, ‘‘ਤੁਸੀਂ ਹਿੰਦੂ ਮੰਦਰਾਂ ਦੇ ਸਬੰਧ ਵਿਚ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਦੀ ਗੱਲ ਕਰ ਰਹੇ ਹੋ, ਅਸੀਂ ਉਸ ਨੂੰ ਓਨੀ ਹੀ ਗੰਭੀਰਤਾ ਨਾਲ ਲੈਂਦੇ ਹਾਂ ਜਿੰਨੀ ਅਸੀਂ ਆਪਣੇ ਸਮਾਜ ਵਿਚ ਕਿਸੇ ਵੀ ਧਾਰਮਿਕ ਤੱਤ ਦੇ ਸੰਬੰਧ ਵਿਚ ਕਿਸੇ ਵੀ ਕੰਮ ਨੂੰ ਲੈਂਦੇ ਹਾਂ।’’

ਗ੍ਰੀਨ ਨੇ ਕਿਹਾ ਕਿ ਆਸਟ੍ਰੇਲੀਆਈ ਪੁਲਿਸ ਅਤੇ ਸਬੰਧਤ ਅਧਿਕਾਰੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ‘ਤੇ ਡੂੰਘੇ ਧਿਆਨ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਆਸਟ੍ਰੇਲੀਆ ਵਿਚ ਕਾਨੂੰਨ ਤੋੜੇ ਬਿਨਾਂ ਸ਼ਾਂਤੀਪੂਰਨ ਤਰੀਕੇ ਨਾਲ ਅਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ।