ਮੈਲਬਰਨ: ਭਾਰਤ ਦੀ ਸੰਸਦ ਉੱਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਬੁੱਧਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਨਵੀਂ ਸੰਸਦੀ ਇਮਾਰਤ ਵਿੱਚ ਉਦੋਂ ਵੱਡੀ ਸੁਰੱਖਿਆ ਸੰਨ੍ਹ (Major Security Breach in Indian Parliament) ਲੱਗ ਗਈ ਜਦੋਂ ਸਿਫ਼ਰ ਕਾਲ ਦੌਰਾਨ ਦੋ ਵਿਅਕਤੀ ਪਬਲਿਕ ਗੈਲਰੀ ਵਿਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਦਾਖ਼ਲ ਹੋ ਗਏ
ਸੰਸਦ ਮੈਂਬਰਾਂ ਨੇ ਹਾਲਾਂਕਿ ਦੋਹਾਂ ਨੂੰ ਫੁਰਤੀ ਨਾਲ ਕਾਬੂ ਕਰ ਲਿਆ ਪਰ ਇਸ ਤੋਂ ਪਹਿਲਾਂ ਦੋਵਾਂ ਨੇ ਛੋਟੇ ਕੈਨਿਸਟਰਾਂ ਵਿਚੋਂ ਪੀਲਾ ਧੂੰਆਂ ਛੱਡਿਆ ਤੇ ਨਾਅਰੇਬਾਜ਼ੀ ਕੀਤੀ। ਸੁਰੱਖਿਆ ਮੁਲਾਜ਼ਮਾਂ ਮੁਲਜ਼ਮਾਂ ਤੱਕ ਪੁੱਜਣ ਦੋ 2-3 ਮਿੰਟਾਂ ਦਾ ਸਮਾਂ ਲੱਗਿਆ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਮੁਲਜ਼ਮਾਂ ਦੀ ਕੁੱਟਮਾਰ ਕਰਦਿਆਂ ਦੇ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਫੈਲੇ ਹੋਏ ਹਨ। ਸਦਨ ਵਿਚ ਮੌਜੂਦ ਡੇਢ ਸੌ ਦੇ ਲਗਭਗ ਸੰਸਦ ਮੈਂਬਰਾਂ ਮੁਤਾਬਕ ਇਹ ਦੋਵੇਂ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਪਬਲਿਕ ਗੈਲਰੀ ’ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਦਾਖਲ ਹੋਏ। ਇਨ੍ਹਾਂ ਵਿਚੋਂ ਇਕ ਨੂੰ ਸਦਨ ਦੇ ਬੈਂਚ ’ਤੇ ਛਾਲਾਂ ਮਾਰਦਿਆਂ ਜਦੋਂਕਿ ਦੂਜੇ ਨੂੰ ਉਸ ਦੇ ਪਿੱਛੇ ਪਿੱਛੇ ਗੈਲਰੀ ’ਚੋਂ ਲਮਕਦਿਆਂ ਦੇਖਿਆ ਗਿਆ।
ਸੁਰੱਖਿਆ ’ਚ ਸੰਨ੍ਹ ਉਸੇ ਵੇਲੇ ਲੱਗੀ ਜਦੋਂ ਕੁੱਝ ਦੇਰ ਪਹਿਲਾਂ ਹੀ ਦੋ ਹੋਰ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ, ਨੇ ਸੰਸਦ ਦੇ ਬਾਹਰ ਕੈਨਿਸਟਰਾਂ ਵਿਚੋਂ ਰੰਗਦਾਰ ਗੈਸ ਸਪਰੇਅ ਕੀਤੀ ਤੇ ‘ਤਾਨਾਸ਼ਾਹੀ ਨਹੀਂ ਚਲੇਗੀ’, ‘ਭਾਰਤ ਮਾਤਾ ਕੀ ਜੈ’ ਤੇ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਵੀ ਲਾਏ। ਸੁਰੱਖਿਆ ਬਲਾਂ ਨੇ ਇਨ੍ਹਾਂ ਚਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ’ਚ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦੇ ਦੋ ਹੋਰ ਸਾਥੀ ਵੀ ਸਨ, ਜਿਨ੍ਹਾਂ ’ਚੋਂ ਇੱਕ ਨੂੰ ਫੜ ਲਿਆ ਗਿਆ ਹੈ ਅਤੇ ਦੂਜਾ ਅਜੇ ਤਕ ਫਰਾਰ ਦੱਸਿਆ ਜਾ ਰਿਹਾ ਹੈ।
ਕੌਣ ਨੇ ਨਵੀਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਲਾਉਣ ਵਾਲੇ
ਸੁਰੱਖਿਆ ’ਚ ਸੰਨ੍ਹ ਲਾਉਣ ਵਾਲੇ ਇਹ ਆਮ ਲੋਕ ਸਨ ਜੋ ਦੇਸ਼ ’ਚ ਬੇਰੁਜ਼ਗਾਰੀ ਅਤੇ ਸਰਕਾਰੀ ਨੀਤੀਆਂ ਤੋਂ ਪ੍ਰੇਸ਼ਾਨ ਦੱਸੇ ਜਾ ਰਹੇ ਹਨ, ਜਿਸ ਕਾਰਨ ਵਿਰੋਧ ਪ੍ਰਦਰਸ਼ਨ ਲਈ ਇਹ ਕਦਮ ਚੁੱਕਣ ਲਈ ਮਜਬੂਰ ਹੋਏ। ਇਨ੍ਹਾਂ ਵੱਲੋਂ ਛੱਡਿਆ ਧੂੰਆਂ ਵੀ ਗ਼ੈਰਹਾਨੀਕਾਰਕ ਦੱਸਿਆ ਗਿਆ। ਅਮੋਲ ਸ਼ਿੰਦੇ ਤੇ ਨੀਲਮ ਨੂੰ ਸੰਸਦ ਦੇ ਬਾਹਰੋਂ ਅਤੇ ਸਾਗਰ ਸ਼ਰਮਾ ਤੇ ਮਨੋਰੰਜਨ ਡੀ ਨੂੰ ਲੋਕ ਸਭਾ ਚੈਂਬਰ ਦੇ ਅੰਦਰੋਂ ਹਿਰਾਸਤ ਵਿੱਚ ਲਿਆ ਗਿਆ। ਦੋ ਹੋਰਨਾਂ ਦੀ ਪਛਾਣ ਲਲਿਤ ਤੇ ਵਿਸ਼ਾਲ ਵਜੋਂ ਦੱਸੀ ਗਈ ਹੈ। ਲਲਿਤ ਅਜੇ ਤੱਕ ਫਰਾਰ ਹੈ। ਇਹ ਸਾਰੇ ਭਾਰਤ ਦੇ ਵੱਖੋ-ਵੱਖ ਸਟੇਟਸ ਦੇ ਵਸਨੀਕ ਹਨ ਅਤੇ ਆਪਸ ’ਚ ਇੰਸਟਾਗ੍ਰਾਮ ਜ਼ਰੀਏ ਸੰਪਰਕ ’ਚ ਆਏ ਦੱਸੇ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਕਈ ਮਹੀਨਿਆਂ ਤੋਂ ਹਮਲੇ ਦੀ ਸਾਜ਼ਸ਼ ਬਣਾ ਰਹੇ ਸਨ। ਲੋਕ ਸਭਾ ਚੈਂਬਰ ਵਿੱਚ ਛਾਲ ਮਾਰਨ ਵਾਲੇ ਦੋ ਮੁਲਜ਼ਮ ਵਿਚੋਂ ਇਕ ਮਨੋਰੰਜਨ ਡੀ. ਪਿਛਲੇ ਤਿੰਨ ਮਹੀਨਿਆਂ ਤੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਐੱਮ.ਪੀ. ਪ੍ਰਤਾਪ ਸਿਮ੍ਹਾ ਦੇ ਦਫ਼ਤਰ ਦੇ ਚੱਕਰ ਲਾ ਰਿਹਾ ਸੀ। ਉਹ ਮੈਸੂਰੂ ਹਲਕੇ ਨਾਲ ਹੀ ਸਬੰਧਤ ਸੀ ਤੇ ਉਹ ਐੱਮ.ਪੀ. ਨੂੰ ਮਿਲਣ ਲਈ ਅਕਸਰ ਉਨ੍ਹਾਂ ਦੇ ਦਫ਼ਤਰ ਆਉਂਦਾ ਸੀ। ਸੂਤਰਾਂ ਮੁਤਾਬਕ ਮਨੋਰੰਜਨ ਡੀ. ਨੇ ਸਹਿ-ਮੁਲਜ਼ਮ ਸਾਗਰ ਸ਼ਰਮਾ ਨੂੰ ਐੱਮ.ਪੀ. ਦਫ਼ਤਰ ਵਿੱਚ ਆਪਣੇ ਦੋਸਤ ਵਜੋਂ ਮਿਲਾਇਆ ਸੀ ਤੇ ਨਵੀਂ ਸੰਸਦ ਦੇਖਣ ਦੇ ਬਹਾਨੇ ਪਾਸ ਲਏ ਸਨ। ਬੁੱਧਵਾਰ ਨੂੰ ਸਿਮ੍ਹਾ ਦੇ ਹੁਕਮਾਂ ’ਤੇ ਤਿੰਨ ਪਾਸ ਜਾਰੀ ਕੀਤੇ ਗਏ ਸਨ।
ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਸਰਕਾਰ, ਸੰਸਦ ’ਚ ਮੁੜ ਹੰਗਾਮਾ
ਸੰਸਦ ਦੇ ਸਰਦ ਰੁੱਤ ਇਜਲਾਸ ਦੇ 11ਵੇਂ ਦਿਨ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਹੰਗਾਮੇ ਦੌਰਾਨ ਕਥਿਤ ਦੁਰਵਿਵਹਾਰ ਲਈ ਸਦਨ ਤੋਂ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਦੋਵੇਂ ਸਦਨਾਂ ‘ਚ ਨੇਤਾ ‘ਪ੍ਰਧਾਨ ਮੰਤਰੀ ਸਦਨ ‘ਚ ਆਓ, ਅਮਿਤ ਸ਼ਾਹ ਸ਼ਰਮ ਕਰੋ ਦੇ ਨਾਅਰੇ ਲਗਾ ਰਹੇ ਸਨ। ਹੁਣ ਤਕ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਬਗ਼ੈਰ ਕਿਸੇ ਵਿਘਨ ਤੋਂ ਚਲ ਰਹੀ ਸੀ।
ਬੁਧਵਾਰ ਸ਼ਾਮ 4 ਵਜੇ ਵਿਰੋਧੀ ਧਿਰਾਂ ਨੇ ਸਪੀਕਰ ਓਮ ਬਿਰਲਾ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਦੌਰਾਨ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਫ਼ਿਕਰ ਜਤਾਇਆ ਅਤੇ ਗ੍ਰਹਿ ਮੰਤਰੀ ਦੇ ਲੋਕ ਸਭਾ ’ਚ ਬਿਆਨ ਦੀ ਮੰਗ ਕੀਤੀ। ਬਿਰਲਾ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।
ਸੰਸਦ ਦੇ ਅੱਠ ਮੁਲਾਜ਼ਮ ਮੁਅੱਤਲ
ਉਧਰ ਸੁਰੱਖਿਆ ’ਚ ਸੰਨ੍ਹ ਲੱਗਣ ਤੋਂ ਬਾਅਦ ਵੀਰਵਾਰ ਨੂੰ ਸਵੇਰੇ ਲੋਕ ਸਭਾ ਦੇ ਅੱਠ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪਰਦੀਪ, ਵਿਮਿੱਤ ਅਤੇ ਨਰਿੰਦਰ ਸ਼ਾਮਲ ਹਨ।
ਸੰਸਦ ਦੀ ਸੁਰੱਖਿਆ ’ਚ ਸੰਨ੍ਹ ਲੱਗਣ ਦਾ ਮਸਲਾ ਇਸ ਕਾਰਨ ਵੀ ਗੰਭੀਰ ਹੈ ਕਿਉਂਕਿ ਅਮਰੀਕਾ ਅਧਾਰਤ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੇ ਪਿਛਲੇ ਦਿਨੀਂ ਸੰਸਦ ’ਤੇ ਹਮਲੇ ਦੀ ਧਮਕੀ ਦਿੱਤੀ ਸੀ ਅਤੇ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਉਸ ਨੇ ਇਸ ਧਮਕੀ ਦੇ ਮੱਦੇਨਜ਼ਰ ਚੌਕਸੀ ਵਧਾਈ ਹੋਈ ਹੈ। ਪਰ ਫਿਰ ਵੀ ਆਮ ਲੋਕਾਂ ਵੱਲੋਂ ਸੰਸਦ ’ਚ ਦਾਖ਼ਲ ਹੋ ਕੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇਣ ਨਾਲ ਵੱਡੇ ਸਵਾਲ ਪੈਦਾ ਹੋ ਗਏ ਹਨ।