ਮੈਲਬਰਨ: ਆਸਟ੍ਰੇਲੀਆ ਨੇ ਆਪਣੀ ਨਵੀਂ ਪ੍ਰਵਾਸ ਨੀਤੀ (Migration Policy) ਹੇਠ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਿਰਫ ਹੁਨਰਮੰਦ ਅਤੇ ਬਿਹਤਰੀਨ ਵਿਦਿਆਰਥੀਆਂ ਨੂੰ ਦੇਸ਼ ਅੰਦਰ ਦਾਖਲਾ ਦਿੱਤਾ ਜਾ ਸਕੇ। ਹਾਲਾਂਕਿ ਆਸਟ੍ਰੇਲੀਆ ’ਚ ਪੁੱਜੇ ਭਾਰਤੀਆਂ ’ਤੇ ਨਵੇਂ ਨਿਯਮਾਂ ਦਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਕੁਝ ਡਿਗਰੀਆਂ ਤੋਂ ਗ੍ਰੈਜੂਏਟ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿਚ ਚਾਰ ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸ ਦਾ ਕਾਰਨ ਭਾਰਤ ਨਾਲ ਪਿਛਲੀ ਮੌਰੀਸਨ ਸਰਕਾਰ ਵੱਲੋਂ ਹਸਤਾਖਰ ਕੀਤਾ ਅਤੇ ਪਹਿਲਾਂ ਤੋਂ ਅਮਲ ’ਚ ਇੱਕ ‘ਮੁਕਤ ਵਪਾਰ ਸਮਝੌਤਾ’ ਹੈ। ਇਸ ਸਮਝੌਤੇ ਨੂੰ ਅਲਬਾਨੀਜ਼ੀ ਸਰਕਾਰ ਦੇ ਨਵੇਂ ਪ੍ਰਵਾਸ ਸੁਧਾਰਾਂ ’ਤੇ ਤਰਜੀਹ ਦਿੱਤੀ ਜਾਵੇਗੀ। ਨਵੇਂ ਸੁਧਾਰਾਂ ਅਨੁਸਾਰ ਵੀਜ਼ਾ ਪ੍ਰਾਪਤ ਕਰਨ ਲਈ ਲੋੜੀਂਦੇ IELTS ਸਕੋਰ ਨੂੰ ਵਧਾਉਣਾ ਅਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਸਖ਼ਤ ਜਾਂਚ ਕਰਨਾ ਸ਼ਾਮਲ ਹੈ ਤਾਂ ਜੋ ਪੜ੍ਹਾਈ ਦੇ ਨਾਂ ’ਤੇ ਕੰਮ ਕਰਨ ਲਈ ਇੱਥੇ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ। ਹਾਲਾਂਕਿ ‘ਮੁਕਤ ਵਪਾਰ ਸਮਝੌਤੇ’ ਦੀ ਬਦੌਲਤ ਇਹ ਨਵੇਂ ਨਿਯਮ ਭਾਰਤੀਆਂ ’ਤੇ ਲਾਗੂ ਨਹੀਂ ਹੋਣਗੇ।
ਸਤੰਬਰ ਤੱਕ, ਭਾਰਤ ਦੇ 153,250 ਵਿਦਿਆਰਥੀਆਂ ਨੇ ਆਸਟ੍ਰੇਲੀਆ ਵਿੱਚ ਦਾਖਲਾ ਲਿਆ ਸੀ। ‘ਮੁਕਤ ਵਪਾਰ ਸਮਝੌਤੇ’ ਹੇਠ ਮਿਲੀ ਰਾਹਤ ਨਾਲ ਲਗਭਗ 50,000 ਭਾਰਤੀ ਵਿਦਿਆਰਥੀ ਲੰਮਾ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਸਮਝੌਤੇ ’ਤੇ ਪਿਛਲੇ ਸਾਲ ਅਪ੍ਰੈਲ ਵਿੱਚ ਹਸਤਾਖਰ ਕੀਤੇ ਗਏ ਸਨ।
ਕਿੰਨੇ ਵਿਦਿਆਰਥੀਆਂ ਨੂੰ ਮਿਲੇਗਾ ਟੈਂਪਰੇਰੀ ਗ੍ਰੈਜੂਏਟ ਵੀਜ਼ਾ
ਮਾਸਟਰ ਕੋਰਸਾਂ ’ਚ ਪੜ੍ਹਾਈ ਕਰ ਰਹੇ 46,600 ਵਿਦਿਆਰਥੀ, ਜੋ ਸਾਰੇ ਭਾਰਤੀ ਵਿਦਿਆਰਥੀਆਂ ਦਾ ਲਗਭਗ ਇਕ ਤਿਹਾਈ ਹਿੱਸਾ ਹਨ, ਨੂੰ ਆਸਟ੍ਰੇਲੀਆ ’ਚ ਇਕ ਵਾਧੂ ਸਾਲ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਤਿੰਨ ਸਾਲ ਤੱਕ ਆਸਟ੍ਰੇਲੀਆ ’ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਲਗਭਗ 1800 ਪੀ.ਐਚਡੀ. ਗ੍ਰੈਜੂਏਟਾਂ ਨੂੰ ਵੀ ਇੱਕ ਵਾਧੂ ਸਾਲ ਮਿਲੇਗਾ, ਜਿਸ ਨਾਲ ਉਹ ਇੱਥੇ ਚਾਰ ਸਾਲ ਰਹਿ ਸਕਦੇ ਹਨ। ਸਾਧਾਰਨ ਸ਼ਬਦਾਂ ’ਚ, ਭਾਰਤੀ ਮੂਲ ਦੇ ਵਿਦੇਸ਼ੀ ਵਿਦਿਆਰਥੀ ਜਿਨ੍ਹਾਂ ਨੇ ਆਪਣਾ ਕੋਰਸ ਪੂਰਾ ਕਰ ਲਿਆ ਹੈ, ਉਹ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ ਜੋ ਉਨ੍ਹਾਂ ਨੂੰ ਦੋ ਸਾਲਾਂ ਤਕ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦੇਵੇਗਾ।
ਭਾਰਤ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫ਼ਿਲੀਪ ਗ੍ਰੀਨ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਮੀਡੀਆ ਨੂੰ ਕਿਹਾ ਕਿ ‘‘ECTA ਹੇਠ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਮਝੌਤੇ ’ਤੇ ਨਵੀਂ ਮਾਈਗ੍ਰੇਸ਼ਨ ਨੀਤੀ ਹੇਠ ਅਮਲ ਕੀਤਾ ਜਾਵੇਗਾ।’’
ਪ੍ਰਵਾਸ ਨੀਤੀ ਦੀ ਸਮੀਖਿਆ ਆਸਟ੍ਰੇਲੀਆ ਵਿੱਚ ਫ਼ਰਜ਼ੀ ਵਿਦਿਆਰਥੀਆਂ ਦੇ ਪ੍ਰਵਾਹ ਨੂੰ ਘਟਾਉਣ ‘ਤੇ ਕੇਂਦ੍ਰਤ ਸੀ। ਸਖਤ ਨਿਯਮਾਂ ਨਾਲ ਭਾਰਤ, ਨੇਪਾਲ ਅਤੇ ਪਾਕਿਸਤਾਨ ਦੇ ਵਿਦਿਆਰਥੀ ਵੀਜ਼ਾ ਧਾਰਕਾਂ ‘ਤੇ ਸਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ ਹੈ। ਸਮੀਖਿਆ ਵਿਚ ਇਹ ਵੀ ਪਾਇਆ ਗਿਆ ਕਿ ਪੋਸਟ-ਸਟੱਡੀ ਵੀਜ਼ਾ ‘ਤੇ ਗ੍ਰੈਜੂਏਟ ਅਕਸਰ ਆਪਣੇ ਹੁਨਰ ਦੇ ਪੱਧਰ ਤੋਂ ਹੇਠਾਂ ਨੌਕਰੀਆਂ ਵਿਚ ਕੰਮ ਕਰਦੇ ਹਨ।