ਮੈਲਬਰਨ: ਸਮਾਰਟਵਾਚ ਅਤੇ ਫਿਟਨੈਸ ਟਰੈਕਰਾਂ ਬਾਰੇ ਪ੍ਰਯੋਗਕਰਤਾਵਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ’ਚ ਤਕਨੀਕੀ ਕੰਪਨੀ FitBit ਨੂੰ ਆਸਟ੍ਰੇਲੀਆ ਵਿਚ 110 ਲੱਖ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਫਿਟਬਿਟ ਨੇ 2020 ਅਤੇ 2022 ਦੇ ਵਿਚਕਾਰ 58 ਆਸਟ੍ਰੇਲੀਆਈ ਗਾਹਕਾਂ ਨੂੰ ਖ਼ਰਾਬ ਉਤਪਾਦਾਂ ਲਈ ਵਾਪਸੀ, ਬਦਲਣ ਅਤੇ ਰਿਫੰਡ ਦੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੱਤੀ ਸੀ। ਕਈ ਮਾਮਲਿਆਂ ਵਿੱਚ, ਫਿਟਬਿਟ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਗਾਹਕਾਂ ਨੂੰ ਖਰਾਬ ਡਿਵਾਈਸ ਵਾਪਸ ਕਰਨ ਲਈ ਸਿਰਫ 45 ਦਿਨ ਦਿੱਤੇ ਗਏ ਸਨ।
ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC ਵਲੋਂ FitBit ਦੇ ਖਿਲਾਫ 2018 ’ਚ ਕੰਪਨੀ ਵੱਲੋਂ ਪੇਸ਼ ਕੀਤੀ ਗਈ ਵਾਰੰਟੀ ’ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਕੀਤਾ ਗਿਆ ਇਹ ਦੂਜਾ ਮਾਮਲਾ ਸੀ। ACCC ਨੇ ਪਿਛਲੇ ਸਾਲ ਅਕਤੂਬਰ ਵਿਚ ਗੂਗਲ ਦੀ ਮਲਕੀਅਤ ਵਾਲੀ ਇਸ ਅਰਬਾਂ ਡਾਲਰ ਦੀ ਫਰਮ ਖਿਲਾਫ ਆਪਣਾ ਤਾਜ਼ਾ ਕੇਸ ਸ਼ੁਰੂ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਨੇ ਗਾਹਕਾਂ ਨੂੰ ਆਸਟ੍ਰੇਲੀਆਈ ਖਪਤਕਾਰ ਕਾਨੂੰਨ ਦੇ ਤਹਿਤ ਉਨ੍ਹਾਂ ਦੇ ਅਧਿਕਾਰਾਂ ਬਾਰੇ ਗੁੰਮਰਾਹ ਕੀਤਾ ਸੀ। ਕਾਰਜਕਾਰੀ ਚੇਅਰਪਰਸਨ ਕੈਟਰੀਓਨਾ ਲੋਅ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਵਿਕਣ ਵਾਲੀਆਂ ਸਾਰੀਆਂ ਚੀਜ਼ਾਂ ਮਿਆਰੀ ਅਤੇ ਅਤੇ ਉਦੇਸ਼ ’ਤੇ ਖਰਾ ਉਤਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਜੇ ਇਹ ਮਾਪਦੰਡ ਪੂਰਾ ਨਹੀਂ ਹੁੰਦਾ ਤਾਂ ਰਿਟੇਲ ਵਿਕਰੀਕਰਤਾਵਾਂ ਨੂੰ ਮੁਰੰਮਤ, ਬਦਲਣ ਜਾਂ ਰਿਫੰਡ ਪ੍ਰਦਾਨ ਕਰਨਾ ਪੈਂਦਾ ਹੈ।