ਚੀਨ ਨੇ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ਤੋਂ ਮੀਟ ਆਯਾਤ ਤੋਂ ਪਾਬੰਦੀ ਹਟਾਈ, ਤਣਾਅ ’ਚ ਕਮੀ ਦਾ ਸੰਕੇਤ (China lifts restrictions on Australian meat)

ਮੈਲਬਰਨ: ਚੀਨ ਵੱਲੋਂ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ‘ਤੇ ਵਪਾਰਕ ਪਾਬੰਦੀਆਂ ਹਟਾਏ ਜਾਣ (China lifts restrictions on Australian meat) ਤੋਂ ਬਾਅਦ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਕੂਟਨੀਤਕ ਤਣਾਅ ਲਗਾਤਾਰ ਘੱਟ ਹੋਣ ਦਾ ਸੰਕੇਤ ਮਿਲ ਰਿਹਾ ਹੈ।

ਵਿਕਟੋਰੀਆ ਦੀਆਂ ਦੋ ਕੰਪਨੀਆਂ, ਕੋਲਾਕ ਵਿੱਚ ਆਸਟ੍ਰੇਲੀਆਈ ਲੈਂਬ ਕੰਪਨੀ ਅਤੇ ਮੈਲਬਰਨ ਵਿੱਚ JBS ਅਤੇ ਸਾਊਥ ਆਸਟ੍ਰੇਲੀਆ ਵਿੱਚ ਇੱਕ ਬੁੱਚੜਖਾਨਾ, ਟੇਸ ਆਫ ਨਾਰਕੂਰਟ (Teys of Naracoorte), ਇੱਕ ਵਾਰ ਫਿਰ ਆਪਣੇ ਉਤਪਾਦਾਂ ਨੂੰ ਚੀਨ ਨੂੰ ਨਿਰਯਾਤ ਕਰਨ ਦੇ ਯੋਗ ਹੋਣਗੇ। ਚੀਨੀ ਅਧਿਕਾਰੀਆਂ ਨੇ 2020 ਤੋਂ 2022 ਦੀ ਸ਼ੁਰੂਆਤ ਵਿਚਾਲੇ ਇਹ ਪਾਬੰਦੀਆਂ ਲਾਗੂ ਕੀਤੀਆਂ ਸਨ ਕਿਉਂਕਿ ਸਾਈਟ ’ਤੇ ਕੰਮ ਕਰਨ ਵਾਲੇ ਵਰਕਰਾਂ ਵਿਚ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਏ ਸਨ।

ਚੀਨ ਦੀ ਕਸਟਮ ਏਜੰਸੀ ਵੱਲੋਂ ਰਾਤੋ-ਰਾਤ ਐਲਾਨੇ ਗਏ ਇਸ ਕਦਮ ਦਾ ਮਤਲਬ ਹੈ ਕਿ ਤਿੰਨ ਲਾਲ ਮੀਟ ਪਲਾਂਟਾਂ ‘ਚ ਤਿਆਰ ਮੀਟ ਨੂੰ ਚੀਨ ‘ਚ ਵੇਚਿਆ ਜਾ ਸਕਦਾ ਹੈ। ਹਾਲਾਂਕਿ, ਬਹੁਤ ਸਾਰੀਆਂ ਮੀਟ ਪ੍ਰੋਸੈਸਿੰਗ ਫ਼ੈਸੇਲੇਟੀਜ਼ ਅਜੇ ਵੀ ਵਪਾਰਕ ਨਾਕਾਬੰਦੀ ਦੇ ਅਧੀਨ ਹਨ, ਜਿਨ੍ਹਾਂ ਬਾਰੇ ਚੀਨੀ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਇਹ ਦੂਸ਼ਿਤ ਜਾਂ ਗਲਤ ਲੇਬਲ ਵਾਲੇ ਉਤਪਾਦਾਂ ਦੇ ਕਾਰਨ ਹਨ। ਵਪਾਰ ਮੰਤਰੀ ਡੌਨ ਫੈਰਲ, ਜਿਨ੍ਹਾਂ ਨੇ ਵਪਾਰਕ ਵਿਵਾਦਾਂ ਨੂੰ ਸੁਲਝਾਉਣ ਅਤੇ ਦੁਵੱਲੀ ਦੁਸ਼ਮਣੀ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ ਚੀਨ ਦੀਆਂ ਕਈ ਯਾਤਰਾਵਾਂ ਕੀਤੀਆਂ ਹਨ, ਨੇ ਮੰਗਲਵਾਰ ਨੂੰ ਇਸ ਐਲਾਨ ਦੀ ਸ਼ਲਾਘਾ ਕੀਤੀ। ਫੈਰਲ ਨੇ ਕਿਹਾ ਕਿ ਇਹ ਚੀਨ ਨਾਲ ਸਾਡੇ ਸਬੰਧਾਂ ਨੂੰ ਸਥਿਰ ਕਰਨ ਦੀ ਦਿਸ਼ਾ ਵਿਚ ਇਕ ਹੋਰ ਸਕਾਰਾਤਮਕ ਕਦਮ ਹੈ।

ਆਸਟ੍ਰੇਲੀਆਈ ਮੀਟ ਇੰਡਸਟਰੀ ਕੌਂਸਲ (ਏ.ਐਮ.ਆਈ.ਸੀ.) ਨੇ ਇਸ ਵਿਕਾਸ ਦਾ ਸਵਾਗਤ ਕੀਤਾ ਕਿ ਕੁਝ ਨਿਰਯਾਤ ਮਨਜ਼ੂਰੀਆਂ ਬਹਾਲ ਕੀਤੀਆਂ ਜਾਣਗੀਆਂ। ਅਕਤੂਬਰ ਵਿੱਚ, ਬੀਜਿੰਗ ਆਸਟ੍ਰੇਲੀਆਈ ਵਾਈਨ ‘ਤੇ ਲਗਾਈਆਂ ਗਈਆਂ ਵਪਾਰਕ ਪਾਬੰਦੀਆਂ ਦੀ ਸਮੀਖਿਆ ਕਰਨ ਲਈ ਸਹਿਮਤ ਹੋਇਆ ਸੀ। ਨਤੀਜਾ ਅਜੇ ਬਾਕੀ ਹੈ। ਇਸ ਤੋਂ ਇਲਾਵਾ ਚੀਨ ਨੇ ਜੌਂ ਸਮੇਤ ਕਈ ਹੋਰ ਚੀਜ਼ਾਂ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ।