ਮੈਲਬਰਨ: ਫੈਡਰਲ ਸਰਕਾਰ ਨੇ ਆਪਣੇ ਪ੍ਰਵਾਸ ਸੁਧਾਰ (New migration package) ਪੇਸ਼ ਕਰ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੋਰਸ ਸ਼ੁਰੂ ਕਰਨ ਲਈ ਲੋੜੀਂਦੇ ਅੰਗਰੇਜ਼ੀ ਭਾਸ਼ਾ ਦੇ ਮਿਆਰ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਫ਼ੈਸਲੇ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦੇ ਕਾਲਜਾਂ ਨੂੰ ਡਰ ਹੈ ਕਿ ਵਿਦੇਸ਼ਾਂ ਤੋਂ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀ ਆਪਣੀ ਭਾਸ਼ਾ ਦੀ ਸਿਖਲਾਈ ਆਸਟ੍ਰੇਲੀਆ ਦੀ ਬਜਾਏ ਵਿਦੇਸ਼ਾਂ ’ਚ ਪੂਰੀ ਕਰਨ ਨੂੰ ਤਰਜੀਹ ਦੇਣਗੇ।
110 ਤੋਂ ਵੱਧ ਅੰਗਰੇਜ਼ੀ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੇ ਇੰਗਲਿਸ਼ ਆਸਟ੍ਰੇਲੀਆ ਦੇ CEO ਬ੍ਰੇਟ ਬਲੈਕਰ ਨੇ ਕਿਹਾ ਕਿ ਅੰਗਰੇਜ਼ੀ ਕੋਰਸ ਸ਼ੁਰੂ ਕਰਨ ਵਾਲਿਆਂ ਦੀ ਲੋੜੀਂਦੀ ਮੁਹਾਰਤ ਦਾ ਪੱਧਰ 4.5 ਆਈਲੈਟਸ ਟੈਸਟ ਸਕੋਰ ਤੋਂ ਵਧਾ ਕੇ 5.0 ਕਰਨ ਨਾਲ ਖਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ’ਤੇ ਅਸਰ ਪਵੇਗਾ ਜਿਨ੍ਹਾਂ ਨੇ ਪ੍ਰਾਈਵੇਟ ਕਾਲਜਾਂ ਅਤੇ TAFEs ਨਾਲ ਵੋਕੇਸ਼ਨਲ ਕੋਰਸਾਂ ਵਿਚ ਦਾਖਲਾ ਲਿਆ ਹੈ। ਅੰਗਰੇਜ਼ੀ ਭਾਸ਼ਾ ਦੇ ਕਾਲਜਾਂ ਨੇ ਕੋਵਿਡ ਦੀ ਮੰਦੀ ਤੋਂ ਬਾਹਰ ਨਿਕਲਣ ਮਗਰੋਂ ਇਸੇ ਸਾਲ ਰਿਕਾਰਡ ਗਿਣਤੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਸੀ। ਕੋਵਿਡ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਿਚ ਦੋ ਤਿਹਾਈ ਤੋਂ ਵੱਧ ਦੀ ਗਿਰਾਵਟ ਆਈ ਸੀ। ਬਲੈਕਰ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ ਆਸਟ੍ਰੇਲੀਆ ਘੱਟ ਮੁਕਾਬਲੇਬਾਜ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਅਕ ਸੰਸਥਾਵਾਂ ’ਤੇ ਸਭ ਤੋਂ ਵੱਧ ਅਸਰ ਪਵੇਗਾ, ਉਹ ਕਿੱਤਾਮੁਖੀ ਸਿੱਖਿਆ ਪ੍ਰਦਾਤਾ (Vocational education providers) ਹੋਣਗੇ, ਜਿਨ੍ਹਾਂ ‘ਚ ਜਨਤਕ TAFEs ਵੀ ਸ਼ਾਮਲ ਹੈ। ਯੂਨੀਵਰਸਿਟੀਆਂ ਉਸੇ ਅਸਰ ਨੂੰ ਮਹਿਸੂਸ ਨਹੀਂ ਕਰਨਗੀਆਂ ਕਿਉਂਕਿ ਯੂਨੀਵਰਸਿਟੀ ਵੱਲ ਜਾਣ ਵਾਲੇ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੂੰ ਅੰਗਰੇਜ਼ੀ ਟਿਊਸ਼ਨ ਦੀ ਜ਼ਰੂਰਤ ਹੈ, ਉਨ੍ਹਾਂ ਕੋਲ ਪਹਿਲਾਂ ਹੀ 5.5 ਦਾ IELTS ਸਕੋਰ ਹੁੰਦਾ ਹੈ।
ਹਾਲਾਂਕਿ, TAFE ਕਾਲਜਾਂ ਦਾ ਕਹਿਣਾ ਹੈ ਕਿ ਪ੍ਰਵਾਸ ਸੁਧਾਰਾਂ ਨੂੰ ਉਨ੍ਹਾਂ ਦਾ ਸਮੁੱਚਾ ਸਮਰਥਨ ਹੈ। ਇਸ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ TAFE ਡਾਇਰੈਕਟਰਜ਼ ਆਸਟਰੇਲੀਆ ਦੀ CEO ਜੈਨੀ ਡੋਡ ਨੇ ਕਿਹਾ, ‘‘ਸਾਨੂੰ ਲੱਗਦਾ ਹੈ ਕਿ ਇਹ (ਅੰਗਰੇਜ਼ੀ ਦੀ ਮੁਹਾਰਤ ਦਾ ਉੱਚ ਪੱਧਰ) ਬਿਹਤਰ ਵਿਦਿਆਰਥੀ ਪੈਦਾ ਕਰੇਗਾ।’’ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟਰੇਲੀਆ ਦੇ CEO ਫਿਲ ਹਨੀਵੁੱਡ ਨੇ ਕਿਹਾ ਕਿ ਮਾਈਗ੍ਰੇਸ਼ਨ ਪੈਕੇਜ ਤੋਂ ਕਈਆਂ ਨੂੰ ਲਾਭ ਹੋਵੇਗਾ ਅਤੇ ਕਈਆਂ ਨੂੰ ਨੁਕਸਾਨ, ਪਰ ਹੁਸ਼ਿਆਰ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਸਮੁੱਚੀ ਰਣਨੀਤੀ ਦੀ ਜ਼ਰੂਰਤ ਹੈ।