ਸੈਨੇਟਰ ਨੇ ਸਰਕਾਰ ਤੋਂ ਆਸਟ੍ਰੇਲੀਆ ’ਚ ਵਸਦੇ ਸਿੱਖਾਂ ਦੀ ਸੁਰੱਖਿਆ ਮੰਗੀ, ਭਾਰਤ ਸਰਕਾਰ ਨੂੰ ਇਹ ਸੰਦੇਸ਼ ਦੇਣ ਦੀ ਕੀਤੀ ਮੰਗ (Sikhs In Australia)

ਮੈਲਬਰਨ: ਆਸਟ੍ਰੇਲੀਆ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਦੇਸ਼ ’ਚ ਵਸਦੇ ਸਿੱਖਾਂ (Sikhs In Australia) ਦੀ ਤਰਫੋਂ ਚਿੰਤਾ ਜ਼ਾਹਰ ਕੀਤੀ ਹੈ, ਜੋ ‘ਇਸ ਲਈ ਦੁਖੀ ਹਨ ਕਿਉਂਕਿ ਉਨ੍ਹਾਂ ਦੇ ਆਗੂਆਂ ਨੂੰ ਸਿਆਸੀ ਕਤਲਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’ ਆਸਟ੍ਰੇਲੀਆ ਦੀ ਸੈਨੇਟ ’ਚ ਮੰਗਲਵਾਰ ਨੂੰ ਬੋਲਦੇ ਹੋਏ ਸੈਨੇਟਰ ਸ਼ੂਬ੍ਰਿਜ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਹੀ ਅਮਰੀਕੀ ਨਿਆਂ ਵਿਭਾਗ ਨੇ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਅਮਰੀਕੀ ਧਰਤੀ ’ਤੇ ਇਕ ਸਿੱਖ ਆਗੂ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ’ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ, ਜਿਸ ਦਾ ਹੁਕਮ ਇਕ ਵਾਰ ਫਿਰ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਦਿੱਤਾ ਸੀ।’’

ਉਨ੍ਹਾਂ ਅੱਗੇ ਕਿਹਾ, ‘‘ਇਹ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਭਾਰਤ ਦੀ ਬੀ.ਜੇ.ਪੀ. ਸਰਕਾਰ ਕਿਸ ਹੱਦ ਤੱਕ ਪਹੁੰਚ ਗਈ ਹੈ। ਜੇ ਬੀ.ਜੇ.ਪੀ. ਪ੍ਰਸ਼ਾਸਨ ਅਮਰੀਕਾ ਅਤੇ ਕੈਨੇਡਾ ਵਿਚ ਸਿਆਸੀ ਵਿਰੋਧੀਆਂ ਨੂੰ ਮਾਰਨ ਦੀ ਸਰਗਰਮੀ ਨਾਲ ਸਾਜਿਸ਼ ਰਚ ਰਿਹਾ ਹੈ ਤਾਂ ਜ਼ਰਾ ਕਲਪਨਾ ਕਰੋ ਕਿ ਭਾਰਤ ਵਿਚ ਹੀ ਕੀ ਹੋ ਰਿਹਾ ਹੈ।’’ ਉਨ੍ਹਾਂ ਨੇ ਆਸਟ੍ਰੇਲੀਆ ਦੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਉਹ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਦਿਖਾਉਣ, ਜੋ ‘‘ਇਸ ਭਿਆਨਕ ਸਿਆਸੀ ਹਿੰਸਾ ਦਾ ਸਭ ਤੋਂ ਵੱਧ ਨਿਸ਼ਾਨਾ ਹਨ।’’ ਉਨ੍ਹਾਂ ਕਿਹਾ, ‘‘ਮੈਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਸਿੱਖਾਂ ’ਚ ਆਪਣੀ ਸੁਰੱਖਿਆ ਪ੍ਰਤੀ ਚਿੰਤਾ ਹੈ ਅਤੇ ਮੈਂ ਸਮਝ ਸਕਦਾ ਹਾਂ ਕਿ ਇਹ ਕਿਉਂ ਹੈ।’’

ASIO ਸਾਹਮਣੇ ਵੀ ਚੁੱਕਿਆ ਗਿਆ ਹੈ ਮੁੱਦਾ

ਸੈਨੇਟਰ ਸ਼ੂਬ੍ਰਿਜ ਨੇ ਕਿਹਾ ਕਿ ਇਹ ਮੁੱਦਾ ਸਿੱਧੇ ਤੌਰ ’ਤੇ ਸੁਰੱਖਿਆ ਏਜੰਸੀਆਂ ਕੋਲ ਉਠਾਇਆ ਗਿਆ ਹੈ, ਜਿਸ ਵਿਚ ਆਸਟ੍ਰੇਲੀਆ ਦੀ ਚੋਟੀ ਦੀ ਸੁਰੱਖਿਆ ਅਤੇ ਖੁਫੀਆ ਏਜੰਸੀ ASIO ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ASIO ਨੇ ਮੈਨੂੰ ਸੂਚਿਤ ਕੀਤਾ ਹੈ ਕਿ ਇੱਥੇ ਸਿੱਖ ਭਾਈਚਾਰੇ ਲਈ ਕੋਈ ਪਛਾਣਯੋਗ ਖਤਰਾ ਨਹੀਂ ਹੈ। ਸਿੱਖ ਭਾਈਚਾਰਾ ਜਨਤਕ ਥਾਵਾਂ ’ਤੇ ਬਹੁਤ ਆਸਾਨੀ ਨਾਲ ਪਛਾਣਿਆ ਜਾਂਦਾ ਹੈ, ਖ਼ਾਸਕਰ ਜਦੋਂ ਉਹ ਸਿਆਸਤ ’ਚ ਸ਼ਾਮਲ ਹੁੰਦੇ ਹਨ। ਉਹ ਆਸਟ੍ਰੇਲੀਆਈ ਸਰਕਾਰ ਤੋਂ ਸਪੱਸ਼ਟ ਅਤੇ ਸਿੱਧੇ ਭਰੋਸਾ ਦੇ ਹੱਕਦਾਰ ਹਨ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਗਰਮ ਕਦਮ ਚੁੱਕੇ ਜਾ ਰਹੇ ਹਨ।’’

ਭਾਰਤ ਸਰਕਾਰ ਨੂੰ ਜਨਤਕ ਬਿਆਨ ਜਾਰੀ ਕਰਨ ਦੀ ਮੰਗ

ਸੈਨੇਟਰ ਸ਼ੂਬ੍ਰਿਜ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਜਾਰੀ ਇੱਕ ਜਨਤਕ ਬਿਆਨ ਜਾਰੀ ਕਰਨ ਦੀ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਘੋਰ ਉਲੰਘਣਾ ਨੂੰ ਦਰਸਾਉਂਦੀਆਂ ਹਨ ਜੋ ਆਸਟ੍ਰੇਲੀਆ ਦੀਆਂ ਕਦਰਾਂ-ਕੀਮਤਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਜੇਕਰ ਆਸਟ੍ਰੇਲੀਆ ਵਿਚ ਅਜਿਹਾ ਕੁਝ ਵਾਪਰਦਾ ਹੈ ਤਾਂ ਇਸ ਨੂੰ ਦੁਸ਼ਮਣੀ ਵਾਲੀ ਕਾਰਵਾਈ ਵਜੋਂ ਲਿਆ ਜਾਵੇਗਾ ਜੋ ਸਾਡੇ ਦੁਵੱਲੇ ਸਬੰਧਾਂ ਨੂੰ ਬੁਨਿਆਦੀ ਤੌਰ ’ਤੇ ਕਮਜ਼ੋਰ ਕਰੇਗਾ।’’

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ’ਤੇ ਨਿਸ਼ਾਨਾ ਸਾਧਦੇ ਹੋਏ ਸੈਨੇਟਰ ਸ਼ੂਬ੍ਰਿਜ ਨੇ ਆਪਣੇ ਭਾਸ਼ਣ ਦੀ ਸਮਾਪਤੀ ਕਰਦਿਆਂ ਕਿਹਾ, ‘‘ਕਿਸੇ ਵਿਦੇਸ਼ੀ ਸਿਆਸਤਦਾਨ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣਾ ਵਖਰੀ ਗੱਲ ਹੈ ਪਰ ਖਰੀ ਸਿਆਸਤ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਮੀਡੀਆ ਦੀਆਂ ਸੁਰਖ਼ੀਆਂ ਬਣਨ ਵਾਲੇ ਲਾਭਕਾਰੀ ਵਪਾਰ ਸਮਝੌਤੇ ਦੇ ਵਾਅਦੇ ਤੋਂ ਪਹਿਲਾਂ ਸਿਧਾਂਤਾਂ ਅਤੇ ਆਸਟ੍ਰੇਲੀਆਈ ਲੋਕਾਂ ਦੇ ਸਮੂਹਕ ਭਲੇ ਨੂੰ ਪਹਿਲ ਦਿੰਦੇ ਹੋ।’’