ਮੈਲਬਰਨ: ਸਿਲਕਿਆਰਾ ਸੁਰੰਗ ’ਚ ਫਸੇ 41 ਲੋਕਾਂ ਦੀ ਸੁਰੱਖਿਅਤ ਘਰ ਵਾਪਸੀ ਮੁਹਿੰਮ ਦੇ ਹੀਰੋ ਰਹੇ ਆਰਨੌਲਡ ਡਿਕਸ (Arnold Dix) ਦਾ ਆਪਣੇ ਘਰ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤ ਦੇ ਉੱਤਰਾਖੰਡ ਸਟੇਟ ’ਚ ਬਣ ਰਹੀ ਇਸ ਸੁਰੰਗ ’ਚ ਢਿੱਗਾਂ ਡਿੱਗਣ ਕਾਰਨ ਵਾਪਰੇ ਹਾਦਸੇ ਮਗਰੋਂ 17 ਦਿਨ ਲੰਮੀ ਮੁਹਿੰਮ ’ਚ ਮਦਦ ਲਈ ਸੁਰੰਗ ਮਾਹਰ ਡਿਕਸ ਨੂੰ 20 ਨਵੰਬਰ ਨੂੰ ਸੱਦਿਆ ਗਿਆ ਸੀ, ਜਿਸ ਤੋਂ ਬਾਅਦ ਉਹ ਅੱਜ ਯਾਰਾ ਪਹਾੜੀਆਂ ’ਚ ਵਸੇ ਇੱਕ ਛੋਟੇ ਜਿਹੇ ਸ਼ਹਿਰ ਸਥਿਤ ਅਪਣੇ ਘਰ ਪਰਤੇ ਹਨ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਔਖੀ ਮੁਹਿੰਮ ਬਾਰੇ ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਕਿਹਾ, ‘‘ਜਦੋਂ ਮੈਂ ਉੱਥੇ ਪੁੱਜਾ ਤਾਂ ਢਿੱਗਾਂ ਡਿੱਗਣ ਕਾਰਨ ਬਹੁਤ ਸਾਰੇ ਮਲਬੇ ਨੇ ਸੁਰੰਗ ’ਚੋਂ ਬਾਹਰ ਨਿਕਲਣ ਦਾ ਰਾਹ ਬੰਦ ਕਰ ਦਿੱਤਾ ਸੀ। ਅਸਲ ’ਚ ਮਲਬਾ ਡਿੱਗਣਾ ਲਗਾਤਾਰ ਜਾਰੀ ਸੀ। ਪਰ ਮੈਂ ਕਿਹਾ ਕਿ ਸਾਡਾ ਮਿਸ਼ਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ ਅਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਸਫ਼ਲ ਬਣਾ ਕੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਇਸ ਕੰਮ ਲਈ ਉਨ੍ਹਾਂ ਨੇ ਜਿੰਨੀ ਮਿਹਨਤ ਕੀਤੀ ਓਨੀ ਆਪਣੀ ਜ਼ਿੰਦਗੀ ਪਹਿਲਾਂ ਕਦੇ ਨਹੀਂ ਕਰਨੀ ਪਈ। ਉਨ੍ਹਾਂ ਕਿਹਾ, ‘‘ਮੈਂ ਆਪਣੀ ਪੂਰੀ ਜ਼ਿੰਦਗੀ ’ਚ ਜਿੰਨੀਆਂ ਵੀ ਤਰਕੀਬਾਂ ਸਿੱਖੀਆਂ ਸਨ ਉਹ ਸਭ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪ੍ਰਯੋਗ ਕਰਨੀਆਂ ਪਈਆਂ।’’ ਉਨ੍ਹਾਂ ਕਿਹਾ ਕਿ ਮੁਹਿੰਮ ’ਚ ਸਭ ਤੋਂ ਮੁਸ਼ਕਲ ਕੰਮ ਸ਼ਾਂਤ ਰਹਿਣਾ ਅਤੇ ਜਲਦਬਾਜ਼ੀ ਨਾ ਕਰਨਾ ਸੀ ਅਤੇ ਜੇਕਰ ਉਨ੍ਹਾਂ ਥੋੜ੍ਹੀ ਵੀ ਗ਼ਲਤੀ ਕਰ ਦਿੰਦੇ ਤਾਂ ਕਿਸੇ ਦੀ ਜਾਨ ਜਾ ਸਕਦੀ ਹੈ। ਪਰ ਉਨ੍ਹਾਂ ਅਨੁਸਾਰ ਕਦੇ ਹਾਰ ਨਾ ਮੰਨਣ ਦੀ ਆਸਟ੍ਰੇਲੀਆਈ ਲੋਕਾਂ ਦੇ ਜਜ਼ਬੇ ਕਾਰਨ ਹੀ ਉਹ ਇਸ ਮੁਹਿੰਮ ’ਚ ਸਫ਼ਲਤਾ ਪ੍ਰਾਪਤ ਕਰ ਸਕੇ।
ਉਨ੍ਹਾਂ ਦੀ ਪਤਨੀ ਸਫ਼ੀਨਾ ਡਿਕਸ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦਾ ਪਤੀ ਘਰ ਸੁਰੱਖਿਅਤ ਵਾਪਸ ਆ ਗਿਆ ਹੈ। ਉਨ੍ਹਾਂ ਕਿਹਾ, ‘‘ਮੈਨੂੰ ਮਾਣ ਹੈ ਕਿ ਉਨ੍ਹਾਂ ਇਹ ਕੰਮ ਸਫ਼ਲਤਾਪੂਰਵਕ ਕੀਤਾ। ਮੈਨੂੰ ਬਹੁਤ ਖ਼ੁਸ਼ੀ ਹੈ।’’ ਆਰਨੌਲਡ ਨੂੰ ਉਨ੍ਹਾਂ ਦੇ ਕੰਮ ਲਈ ਭਾਰਤ ਸਥਿਤ ਆਸਟ੍ਰੇਲੀਆਈ ਹਾਈ ਕਮਿਸ਼ਨਰ ਫ਼ਿਲਿਪ ਗ੍ਰੀਨ ਨੇ ਵੀ ਸਨਮਾਨ ਕੀਤਾ ਹੈ। ਗ੍ਰੀਨ ਨੇ ਉਨ੍ਹਾਂ ਨੂੰ ਆਸਟ੍ਰੇਲੀਆ-ਭਾਰਤ ਦੁਵੱਲੇ ਸੰਬੰਧਾਂ ਦਾ ਹੀਰੋ ਦੱਸਿਆ।
ਆਰਨੌਲਡ ਡਿਕਸ ਆਪਣੇ ਨਾਲ ਸੁਰੰਗ ਦਾ ਇੱਕ ਛੋਟਾ ਜਿਹਾ ਪੱਥਰ ਵੀ ਲੈ ਕੇ ਆਏ ਹਨ ਜੋ ਉਨ੍ਹਾਂ ਨੇ ਬਚਾਅ ਮੁਲਾਜ਼ਮਾਂ ਅਤੇ ਫ਼ੌਜੀਆਂ ਨਾਲ ਮਿਲ ਕੇ ਹਟਾਏ ਸਨ। ਉਹ ਇਸ ਨੂੰ ਯਾਦਗਾਰ ਵੱਜੋਂ ਸਾਂਭਣਾ ਚਾਹੁੰਦੇ ਹਨ। ਜਦੋਂ ਉਹ ਦੁਨੀਆਂ ਭਰ ’ਚ ਫਸੇ ਮਾਈਨਰਸ ਦੀ ਮਦਦ ਨਹੀਂ ਕਰ ਰਹੇ ਹੁੰਦੇ ਹਨ ਤਾਂ ਉਹ ਆਪਣੇ ਸ਼ਹਿਰ ਮੌਨਬੋਕ ’ਚ ਫੁੱਲਾਂ ਦੀ ਖੇਤੀ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਦੇ ਸਵਾਗਤ ਲਈ ਸੜਕਾਂ ਨੂੰ ਸਵਾਗਤੀ ਸੰਦੇਸ਼ਾਂ ਨਾਲ ਸਜਾਇਆ ਹੈ, ਜਿਸ ’ਚ ਸੁਰੰਗ ਦੀਆਂ ਤਸਵੀਰਾਂ ਬਣਾ ਕੇ ਆਰਨੋਲਡ ਡਿਕਸ ਨੂੰ ‘ਲੋਕਲ ਹੀਰੋ’ ਦਸਿਆ ਗਿਆ ਹੈ। ਉਨ੍ਹਾਂ ਦੇ ਕੰਮ ਦੀ ਸਾਰੀ ਦੁਨੀਆਂ ’ਚ ਭਰਵੀਂ ਤਾਰੀਫ਼ ਹੋਈ ਹੈ। ਉਨ੍ਹਾਂ ਹੱਸਦਿਆਂ ਕਿਹਾ, ‘‘41 ਫਸੇ ਲੋਕਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਮੁਹਿੰਮ ਸਫ਼ਲ, ਕ੍ਰਿਸਮਸ ਦਾ ਇਸ ਤੋਂ ਵਧੀਆ ਤੋਹਫ਼ਾ ਹੋਰ ਕੀ ਹੋ ਸਕਦਾ ਹੈ।’’