16 ਸਾਲਾਂ ਦੇ ਬਨਬਰੀ ਵਾਸੀ ਨੇ ਪੰਜਾਬੀ ’ਤੇ ਹਮਲੇ ਦਾ ਜੁਰਮ ਕਬੂਲਿਆ, ਇਸ ਕਾਰਨ ਹੋਇਆ ਸੀ ਹਮਲਾ (Punjabi Attacked in Bunbury)

ਮੈਲਬਰਨ: ਇਕ 16 ਸਾਲਾਂ ਦੇ ਇੱਕ ਮੁੰਡੇ ਨੇ ਅਦਾਲਤ ’ਚ ਪੰਜਾਬੀ ਮੂਲ ਦੇ ਆਸਟ੍ਰੇਲੀਆਈ ਟੈਕਸੀ ਡਰਾਈਵਰ ’ਤੇ ਹਮਲਾ (Punjabi Attacked in Bunbury) ਕਰਨ ਅਤੇ ਉਸ ਨੂੰ ਲੁੱਟਣ ਦਾ ਦੋਸ਼ ਕਬੂਲ ਕਰ ਲਏ ਹਨ। ਮੁੰਡੇ ਨੂੰ ਸ਼ੁਕਰਵਾਰ ਸਵੇਰੇ ਬਾਂਸਕੀਆ ਹਿੱਲ ਯੂਥ ਡਿਟੈਂਸ਼ਨ ਸੈਂਟਰ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਦਾ ਕਾਨੂੰਨੀ ਕਾਰਨਾਂ ਕਰ ਕੇ ਨਾਮ ਨਹੀਂ ਦੱਸਿਆ ਜਾ ਸਕਦਾ। ਉਸ ’ਤੇ ਪਹਿਲਾਂ ਤੋਂ ਹੀ ਕਈ ਅਪਰਾਧ ਕਰਨ ਦੇ ਦੋਸ਼ ਚਲ ਰਹੇ ਹਨ ਅਤੇ ਇਸ ਜੁਰਮ ਤੋਂ ਇੱਕ ਦਿਨ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ।

ਵੈਸਟਰਨ ਆਸਟ੍ਰੇਲੀਆ ’ਚ ਪਰਥ ਨੇੜਲੇ ਸ਼ਹਿਰ ਬਨਬਰੀ ’ਚ ਯਾਦਵਿੰਦਰ ਸਿੰਘ ਗਿੱਲ (26) ’ਤੇ 5 ਨਵੰਬਰ ਨੂੰ ਇਸ ਮੁੰਡੇ ਸਮੇਤ ਤਿੰਨ ਵਿਅਕਤੀਆਂ ਨੇ ਹਮਲਾ ਕੀਤਾ ਸੀ। ਤਿੰਨਾਂ ਨੇ ਟੈਕਸੀ ਡਰਾਈਵਰ ਵਜੋਂ ਕੰਮ ਕਰਦੇ ਗਿੱਲ ਦਾ ਪਹਿਲਾਂ ਪਰਸ ਚੋਰੀ ਕਰ ਲਿਆ ਅਤੇ ਵਿਰੋਧ ਕਰਨ ’ਤੇ ਉਸ ’ਤੇ ਚਾਕੂ ਨਾਲ ਵਾਰ ਕੀਤੇ। ਹਮਲੇ ਤੋਂ ਬਾਅਦ ਗਿੱਲ ਨੂੰ ਸਰਜਰੀ ਲਈ ਪਰਥ ਐਂਬੂਲੈਂਸ ਟਰਾਂਸਪੋਰਟ ਮੁਹੱਈਆ ਨਾ ਕਰਵਾਉਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ।

ਚੋਰੀ ਦਾ ਵਿਰੋਧ ਕਰਨ ਕਾਰਨ ਹੋਇਆ ਸੀ ਹਮਲਾ

ਹਮਲੇ ਵਾਲੇ ਦਿਨ ਗਿੱਲ ਸਾਊਥ ਬਨਬਰੀ ਦੇ ਐਡਮ ਰੋਡ ’ਤੇ ਟੈਕਸੀ ਚਲਾ ਰਿਹਾ ਸੀ, ਜਿੱਥੇ ਤਿੰਨ ਵਿਅਕਤੀ, ਇੱਕ 16 ਸਾਲ ਦਾ, ਇੱਕ 17 ਸਾਲ ਦਾ ਅਤੇ ਇੱਕ 35 ਸਾਲ ਦਾ, ਉਸ ਦੀ ਕਾਰ ’ਚ ਬੈਠ ਗਏ। ਗਿੱਲ ਨੇ ਉਨ੍ਹਾਂ ਨੂੰ ਕੋਲਸ ਨੇੜੇ ਬਨਬਰੀ ਸੈਂਟਰਪੁਆਇੰਟ ਕਾਰ ਪਾਰਕ ’ਚ ਉਤਾਰਿਆ। ਉਸ ਸਮੇਂ ਉਸ ਨੇ ਦੇਖਿਆ ਕਿ ਉਸ ਦਾ ਪਰਸ ਗਾਇਬ ਸੀ। ਗਿੱਲ ਤੁਰੰਤ ਟੈਕਸੀ ਤੋਂ ਬਾਹਰ ਆਇਆ ਅਤੇ ਤਿੰਨਾਂ ਨੂੰ ਰੋਕਿਆ, ਜਿਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ। 16 ਸਾਲ ਦੇ ਮੁੰਡੇ ਨੇ ਗਿੱਲ ਦੇ ਚਿਹਰੇ ’ਤੇ ਕਈ ਵਾਰ ਮੁੱਕਾ ਮਾਰਿਆ, ਜਦਕਿ ਦੂਜੇ ਨੇ ਗਿੱਲ ’ਤੇ ਚਾਕੂ ਨਾਲ ਹਮਲਾ ਕੀਤਾ। ਤਿੰਨਾਂ ਨੇ ਪੈਦਲ ਭੱਜਣ ਤੋਂ ਪਹਿਲਾਂ ਗਿੱਲ ਨੂੰ ਕਈ ਵਾਰ ਮੁੱਕੇ ਮਾਰੇ ਅਤੇ ਚਾਕੂ ਨੂੰ ਨੇੜੇ ਹੀ ਸੁੱਟ ਦਿੱਤਾ। ਟੈਕਸੀ ਦੇ ਸੀ.ਸੀ.ਟੀ.ਵੀ. ਫੁਟੇਜ ਤੋਂ ਤਿੰਨਾਂ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਨੂੰ ਥੋੜ੍ਹੇ ਸਮੇਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਨੇ ਸੁੱਟੇ ਗਏ ਚਾਕੂ ਦਾ ਵੀ ਪਤਾ ਲਗਾ ਲਿਆ। ਪੁਲਿਸ ਨੇ ਗਿੱਲ ਦਾ ਚੋਰੀ ਕੀਤਾ ਪਰਸ ਅਤੇ 195 ਡਾਲਰ ਦੀ ਨਕਦੀ ਵੀ ਬਰਾਮਦ ਕੀਤੀ ਹੈ।

16 ਸਾਲ ਦੇ ਮੁੰਡੇ ਨੇ ਲੁੱਟ-ਖੋਹ ਦੇ ਇਕ ਦੋਸ਼ ਨੂੰ ਕਬੂਲ ਕਰ ਲਿਆ ਅਤੇ ਉਸ ਨੂੰ ਬਾਂਸਕੀਆ ਹਿੱਲ ਵਿਚ ਚਾਰ ਮਹੀਨੇ ਅਤੇ 15 ਦਿਨ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁੰਡੇ ਦੀ ਜ਼ਮਾਨਤ ਲਈ ਪਿਛਲੀ ਅਰਜ਼ੀ ਅਦਾਲਤ ਵਿੱਚ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਉਹ ਪਹਿਲਾਂ ਹੀ ਇੱਕ ਦੋਸ਼ ਲਈ ਚਾਰ ਮਹੀਨਿਆਂ ਦੀ ਨਜ਼ਰਬੰਦੀ ਕੱਟ ਰਿਹਾ ਸੀ। ਅਦਾਲਤ ਨੇ ਇਹ ਵੀ ਸੁਣਿਆ ਕਿ ਮੁੰਡਾ ਇੱਕ ‘ਵਿਆਪਕ ਅਪਰਾਧੀ’ ਸੀ ਜਿਸ ਦਾ ਕੁੱਲ 12 ਪੰਨਿਆਂ ਦਾ ਅਪਰਾਧਿਕ ਰਿਕਾਰਡ ਸੀ।

ਬਨਬਰੀ ਟੈਕਸੀਜ਼ ਨੇ ਐਡਮ ਰੋਡ ਤੋਂ ਸਵਾਰੀ ਚੁਕਣੀਆਂ ਬੰਦ ਕੀਤੀਆਂ

ਬਨਬਰੀ ਟੈਕਸੀਜ਼ ਨੇ ਹੁਣ ਵਿਥਰਸ ਅਤੇ ਕੈਰੀ ਪਾਰਕ ਦੇ ਸਬਅਰਬਸ ਦੀਆਂ ਸਵਾਰੀਆਂ ਚੁੱਕਣ ਤੋਂ ਤੌਬਾ ਕਰ ਲਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਿਲੀਵਰੀ ਸੇਵਾਵਾਂ ਕੁਝ ਸਬਅਰਬਸ ਤੋਂ ਦੂਰ ਹੋ ਗਈਆਂ ਹਨ, ਡੋਮੀਨੋਜ਼ ਬਨਬਰੀ ਵਰਗੀਆਂ ਕੰਪਨੀਆਂ ਨੇ ਵੀ ਉਨ੍ਹਾਂ ਸਬਅਰਬਸ ਵਿੱਚ ਡਿਲੀਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗਿੱਲ ਅਜੇ ਵੀ ਅਪਣੀਆਂ ਸੱਟਾਂ ਦਾ ਇਲਾਜ ਕਰਵਾ ਰਿਹਾ ਹੈ।