ਮੈਲਬਰਨ: ਨਿਊਜ਼ੀਲੈਂਡ ਦੇ ਇਕ ਕੈਫੇ ਦੇ ਮਾਲਕ ਨੂੰ ਉਸ ਸਮੇਂ ਵਿਸ਼ਵਾਸ ਨਹੀਂ ਹੋਇਆ ਜਦੋਂ ਉਸ ਨੂੰ ਚਾਰ ਦਿਨ ਬਾਅਦ ਉਸੇ ਕਾਰ ਪਾਰਕ ਵਿਚ ਆਪਣੀ ਚੋਰੀ ਕੀਤੀ ਗੱਡੀ ਵਾਪਸ ਮਿਲ ਗਈ, ਜਿੱਥੇ ਉਸ ਨੇ ਕੰਮ ’ਤੇ ਜਾਣ ਤੋਂ ਪਹਿਲਾਂ ਇਸ ਨੂੰ ਛੱਡ ਦਿੱਤਾ ਸੀ। ਆਕਲੈਂਡ ਦੀ ਕਾਟੀ ਸਟ੍ਰੀਟ ਦੇ ਮਾਲਕ ਵਰੁਣ ਚੱਢਾ ਨੇ ਕਥਿਤ ਤੌਰ ‘ਤੇ ਜਦੋਂ 15 ਨਵੰਬਰ 2023 ਨੂੰ ਦੁਪਹਿਰ 2:00 ਵਜੇ ਕੰਮ ਖਤਮ ਕੀਤਾ ਤਾਂ ਉਸ ਨੇ ਦੇਖਿਆ ਕਿ ਉਸ ਦੀ ਗੱਡੀ ਚੋਰੀ ਹੋ ਗਈ ਸੀ। ਆਪਣੇ ਗੁਆਂਢੀ ਦੇ ਸੁਰੱਖਿਆ ਕੈਮਰੇ ਦੀ ਫੁਟੇਜ ਪ੍ਰਾਪਤ ਕਰਨ ਤੋਂ ਬਾਅਦ, ਉਸ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਕਥਿਤ ਤੌਰ ‘ਤੇ ਗੱਡੀ ਲੈ ਕੇ ਗੱਡੀ ਚੋਰੀ ਕਰ ਕੇ ਲਿਜਾਂਦਿਆਂ ਦੇਖਿਆ।
ਹਾਲਾਂਕਿ ਘਟਨਾ ’ਚ ਉਦੋਂ ਇੱਕ ਹੈਰਾਨੀਜਨਕ ਮੋੜ ਆਇਆ ਜਦੋਂ ਚੱਢਾ ਨੂੰ ਆਪਣੀ ਕਾਰ ਦੁਬਾਰਾ ਮਿਲ ਗਈ, ਜਿਸ ’ਤੇ ਚੋਰ ਵੱਲੋਂ ਹੱਥ ਲਿਖਤ ਮੁਆਫੀ ਮੰਗਣ ਲਈ ਚਿਪਕਾਇਆ ਕਾਗ਼ਜ਼ ਦਾ ਟੁਕੜਾ ਸੀ ਅਤੇ ਗੱਡੀ ਦੇ ਅੰਦਰ ਉਸ ਦੇ ਬੱਚਿਆਂ ਲਈ ਨਵੇਂ ਖਿਡੌਣੇ ਸਨ। ਸ਼ੱਕੀ ਕਾਰ ਚੋਰ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਗੱਡੀ ਚੋਰੀ ਕੀਤੀ ਤਾਂ ਉਹ ਸ਼ਰਾਬੀ ਸੀ ਅਤੇ ਉਸ ਦਿਨ ਉਸ ਨੂੰ ਘਰ ਜਾਣ ਦੀ ਛੇਤੀ ਸੀ, ਜਿਸ ਕਾਰਨ ਉਸ ਨੇ ਗੱਡੀ ਚੋਰੀ ਕਰ ਲਈ। ਉਸ ਨੇ ਆਪਣੀ ਗ਼ਲਤੀ ਦਾ ਪਛਤਾਵਾ ਕਰਨ ਲਈ ਗੱਡੀ ’ਚ ਉਸ ਦੇ ਮਾਲਕ ਲਈ ਤੋਹਫ਼ੇ ਛੱਡ ਦਿੱਤੇ ਸਨ।
Watch Video
ਚੱਢਾ ਨੇ ਕਿਹਾ ਕਿ ਕਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਗੱਡੀ ’ਚ ਪਈ ਉਸ ਦੀ ਕੋਈ ਚੀਜ਼ ਚੋਰੀ ਹੋਈ। ਚੱਢਾ ਨੇ ਕਿਹਾ, ‘‘ਮੈਂ ਇਹ ਨਹੀਂ ਕਹਿ ਰਿਹਾ ਕਿ ਉਨ੍ਹਾਂ ਨੇ ਜੋ ਕੀਤਾ ਉਹ ਠੀਕ ਹੈ, ਪਰ ਮੇਰਾ ਮਤਲਬ ਹੈ, ਉਨ੍ਹਾਂ ਨੇ ਇਸ ਨੂੰ ਵਾਪਸ ਕਰ ਦਿੱਤਾ ਅਤੇ ਉਨ੍ਹਾਂ ਨੇ ਮੁਆਫੀ ਮੰਗੀ, ਇਸ ਲਈ ਮੈਂ ਕਹਿ ਸਕਦਾ ਹਾਂ ਕਿ ਮੈਂ ਗੱਡੀ ਵਾਪਸ ਮਿਲਣ ’ਤੇ ਖ਼ੁਸ਼ ਹਾਂ।’’ ਚੱਢਾ ਨੇ ਦਾਅਵਾ ਕੀਤਾ ਕਿ ਚੋਰੀ ਬਾਰੇ ਫੇਸਬੁੱਕ ‘ਤੇ ਪੋਸਟ ਪਾਉਣ ਨਾਲ ਉਸ ਨੂੰ ਚੋਰੀ ਹੋਈ ਗੱਡੀ ਦੀ ਵਾਪਸ ਮਿਲਣ ’ਚ ਮਦਦ ਮਿਲੀ। ਉਸ ਨੇ ਕਿਹਾ, ‘‘ਬਹੁਤ ਸਾਰੇ ਲੋਕਾਂ ਨੇ ਗੱਡੀ ਚੋਰੀ ਹੋਣ ਬਾਰੇ ਪੋਸਟ ਨੂੰ ਸਾਂਝਾ ਕੀਤਾ ਸੀ… ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਨੇ ਨਿਸ਼ਚਤ ਤੌਰ ‘ਤੇ ਇਸ ਨੂੰ ਵਾਪਸ ਲੈਣ ਵਿਚ ਮੇਰੀ ਮਦਦ ਕੀਤੀ।’’
ਭਾਵੇਂ ਗੱਡੀ ਨੂੰ ਸੁਰੱਖਿਅਤ ਢੰਗ ਨਾਲ ਮਾਲਕ ਨੂੰ ਵਾਪਸ ਕਰ ਦਿੱਤਾ ਗਿਆ ਸੀ, ਪਰ ਪੁਲਿਸ ਦੇ ਇਕ ਬੁਲਾਰੇ ਨੇ ਕਥਿਤ ਤੌਰ ‘ਤੇ ਮੀਡੀਆ ਨੂੰ ਦੱਸਿਆ ਕਿ ਉਹ ਅਜੇ ਵੀ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਮੀਡੀਆ ਬਿਆਨ ਵਿੱਚ ਕਿਹਾ, ‘‘ਚੋਰੀ ਕੀਤੀ ਗਈ ਇਸ ਗੱਡੀ ਦੇ ਮਾਲਕ ਨੂੰ ਵਾਪਸ ਕਰਨ ਦੇ ਬਾਵਜੂਦ, ਪੁਲਿਸ ਚੋਰੀ ਦੀ ਜਾਂਚ ਜਾਰੀ ਰੱਖ ਰਹੀ ਹੈ ਅਤੇ ਚੋਰ ਨੂੰ ਲੱਭਣ ਦੀ ਕੋਸ਼ਿਸ਼ ’ਚ ਹੈ।’’