ਮੈਲਬਰਨ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਅੰਤਰਰਾਸ਼ਟਰੀ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਦੇ ਕਤਲ ਦੀ ਅਸਫਲ ਕੋਸ਼ਿਸ਼ ਨੂੰ ਅੰਜਾਮ ਦੇਣ ਦੇ ਮੁੱਖ ਦੋਸ਼ੀ ਆਕਲੈਂਡ ਦੇ ਹੀ ਵਾਸੀ ਨੂੰ ਇਸ ਅਪਰਾਧ ਲਈ ਸਭ ਤੋਂ ਲੰਬੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਮਲਾਵਰ ਦੇ ਇੱਕ ਹੋਰ ਸਾਥੀ ਨੂੰ ਸਾਢੇ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਕਤਲ ਤੋਂ ਬਾਅਦ ਦੋਹਾਂ ਦੀ ਮਦਦ ਕਰਨ ਵਾਲੇ ਇੱਕ ਹੋਰ ਵਿਅਕਤੀ ਨੂੰ ਛੇ ਮਹੀਨਿਆਂ ਦੀ ਘਰ ਅੰਦਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ 23 ਦਸੰਬਰ, 2020 ਦੀ ਰਾਤ ਨੂੰ ਹੋਏ ਇਸ ਹਮਲੇ ਵਿੱਚ ‘ਰੇਡੀਓ ਵਿਰਸਾ’ ਦੇ ਮਾਲਕ ਹਰਨੇਕ ਸਿੰਘ ਨੂੰ ਉਸ ਦੇ ਦੱਖਣੀ ਆਕਲੈਂਡ ਦੇ ਘਰ ਜਾਂਦੇ ਸਮੇਂ 40 ਵਾਰ ਚਾਕੂ ਮਾਰਿਆ ਗਿਆ ਸੀ। ਹਮਲਾਵਰਾਂ ਦੇ ਇੱਕ ਸਮੂਹ ਨੇ ਉਸ ਦਾ ਗੁਰਦੁਆਰੇ ਤੋਂ ਘਰ ਤੱਕ ਪਿੱਛਾ ਕੀਤਾ। ਹਰਨੇਕ ਸਿੰਘ ਨੇਕੀ ’ਤੇ ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਲਗਦੇ ਰਹੇ ਹਨ। ਇਸ ਕਾਰਨ ਨੇਕੀ ਨੂੰ 2018 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਵੀ ਕੀਤਾ ਗਿਆ ਸੀ। ਤਲਬ ਕਰਨ ਤੋਂ ਬਾਅਦ ਤਖਤ ਸਾਹਿਬਾਂ ਦੇ ਜੱਥੇਦਾਰਾਂ ਵੱਲੋਂ ਉਨ੍ਹਾਂ ਨੂੰ ਪੰਥ ਵਿੱਚੋਂ ਵੀ ਛੇਕ ਦਿੱਤਾ ਸੀ। ਉਹ ਸਿੱਖ ਧਰਮ ਬਾਰੇ ਵਿਵਾਦਤ ਟਿੱਪਣੀਆਂ ਕਾਰਨ ਹੀ ਚਰਚਾ ਵਿਚ ਨਹੀਂ ਰਿਹਾ ਸਗੋਂ ਉਸ ਖਿਲਾਫ ਪੰਜਾਬੀ ਨੌਜਵਾਨਾਂ ਨਾਲ ਠੱਗੀ ਮਾਰਨ ਅਤੇ ਤੈਅਸ਼ੁਦਾ ਮਿਹਨਤਾਨੇ ਤੋਂ ਘੱਟ ਰਕਮ ਦੇਣ ਦੇ ਦੋਸ਼ ਵੀ ਲੱਗੇ। ਹਾਲਾਂਕਿ ਹਰਨੇਕ ਸਿੰਘ ਨੇਕੀ ’ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਸ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਦੀ ਹਮਾਇਤ ਕੀਤੀ ਅਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਆਲੋਚਨਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਨੇਕੀ ਨੇ ਫੁਰਤੀ ਵਿਖਾਉਂਦਿਆਂ ਆਪਣੀ ਗੱਡੀ ਦਾ ਦਰਵਾਜ਼ਾ ਬੰਦ ਕਰ ਕੇ ਅਤੇ ਹਾਰਨ ਵਜਾ ਕੇ ਮਦਦ ਲਈ ਗੁਆਂਢੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਿਸ ਕਾਰਨ ਉਸ ਦੀ ਜਾਨ ਬਚ ਸਕੀ। ਹਮਲੇ ਦੇ ਨਤੀਜੇ ਵਜੋਂ, ਉਸ ਨੂੰ ਆਪਣੇ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ‘ਤੇ 350 ਤੋਂ ਵੱਧ ਟਾਂਕੇ ਲਗਾਉਣੇ ਪਏ ਅਤੇ ਕਈ ਸਰਜਰੀ ਦੀ ਲੋੜ ਪਈ। ਉਹ ਤਿੰਨ ਸਾਲ ਬਾਅਦ ਵੀ ਸਰੀਰਕ ਸੱਟਾਂ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ ਹੈ।
ਜੱਜਾਂ ਨੇ ਦਿੱਤਾ ਸਖ਼ਤ ਸੰਦੇਸ਼
ਅੱਜ ਦੀ ਸੁਣਵਾਈ ਦੌਰਾਨ ਜੱਜ ਜਸਟਿਸ ਮਾਰਕ ਵੂਲਫ਼ਰਡ ਨੇ ਨੋਟ ਕੀਤਾ ਕਿ ਇਸ ‘ਬਹੁਤ ਹੀ ਅਸਾਧਾਰਣ ਕੇਸ ਲਈ’ ਭਾਈਚਾਰੇ ਦੀ ਸੁਰੱਖਿਆ ਅਤੇ ਕਾਨੂੰਨ ਦੀ ਉਲੰਘਣਾ ਵਿਰੁਧ ਇੱਕ ਸਖ਼ਤ ਸੰਦੇਸ਼ ਦੋਵੇਂ ਜ਼ਰੂਰੀ ਸਨ। ਜਸਟਿਸ ਮਾਰਕ ਵੂਲਫੋਰਡ ਨੇ ਅੱਜ ਕਿਹਾ ਕਿ 48 ਸਾਲ ਦਾ ਦੋਸ਼ੀ, ਜਿਸ ਦਾ ਨਾਂ ਜ਼ਾਹਰ ਨਹੀਂ ਕੀਤਾ ਗਿਆ, ਹਮਲੇ ਦੇ ਸਮੇਂ ਮੌਜੂਦ ਨਹੀਂ ਸੀ ਪਰ ਉਸ ਨੇ ਨੇਕੀ ਦੇ ਸਿਆਸੀ ਵਿਚਾਰਾਂ ਅਤੇ ਉਸ ਦੀ ਸਿੱਖ ਧਰਮ ਦੀ ‘ਵਧੇਰੇ ਉਦਾਰਵਾਦੀ ਵਿਆਖਿਆ’ ਨੂੰ ਲੈ ਕੇ ਕਈ ਸਾਲਾਂ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਸੀ। ਜੱਜ ਨੇ ਕਿਹਾ ਕਿ ਉਸ ਨੇ ਕਤਲ ਦੀ ਯੋਜਨਾ ਬਣਾਈ ਅਤੇ ਆਪਣੀ ਇੱਛਾ ਪੂਰੀ ਕਰਨ ਲਈ ‘ਗੁੰਡਿਆਂ’ ਦੀ ਭਰਤੀ ਕਰਨ ਲਈ ਦੂਜਿਆਂ ’ਤੇ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ।
ਫੈਸਲਾ ਸੁਣਾਉਣ ਵੇਲੇ ਅਦਾਲਤ ਦੇ ਦੋ ਕਮਰੇ ਦੋਸ਼ੀ ਦੇ ਹਮਾਇਤੀਆਂ ਨਾਲ ਭਰੇ ਹੋਏ ਸਨ ਜਦੋਂ ਅਦਾਲਤ ਨੇ ਉਸ ਨੂੰ ਸਾਢੇ 13 ਸਾਲ ਦੀ ਸਜ਼ਾ ਸੁਣਾਈ। ਛੇ ਮਹੀਨਿਆਂ ਦਾ ਸਮਾਂ ਪਹਿਲਾਂ ਹੀ ਨਿਗਰਾਨੀ ਅਧੀਨ ਰਹਿਣ ਕਾਰਨ ਉਸ ਨੂੰ ਇਸ ਮਾਮਲੇ ’ਚ ਵੱਧ ਤੋਂ ਵੱਧ 14 ਸਾਲਾਂ ਦੀ ਸਜ਼ਾ ਨਹੀਂ ਸੁਣਾਈ ਗਈ। ਉਸ ਨੂੰ ਪੈਰੋਲ ਪ੍ਰਾਪਤ ਕਰਨ ਤੋਂ ਪਹਿਲਾਂ ਘੱਟੋ-ਘੱਟ 9 ਸਾਲ ਦੀ ਕੈਦ ਵੀ ਕੱਟਣੀ ਪਏਗੀ।
ਵੂਲਫੋਰਡ ਨੇ ਹਮਲੇ ਬਾਰੇ ਕਿਹਾ, ‘‘ਇਸ ’ਚ ਧਾਰਮਿਕ ਕੱਟੜਤਾ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਹਨ। ਇਸ ਤਰ੍ਹਾਂ ਦੀ ਹਿੰਸਾ ਉਸ ਸਮੇਂ ਵਾਪਰਦੀ ਹੈ ਜਦੋਂ ਇਸ ਨੂੰ ਵੱਡੇ ਭਲੇ ਲਈ ਅੱਗੇ ਵਧਾਇਆ ਜਾਂਦਾ ਹੈ। ਇਸ ਸੰਦਰਭ ਵਿੱਚ ਸਜ਼ਾ ਸੁਣਾਉਣ ਲਈ ਇੱਕ ਵੱਖਰੀ ਪਹੁੰਚ ਦੀ ਲੋੜ ਹੁੰਦੀ ਹੈ। ਭਾਈਚਾਰੇ ਨੂੰ ਹੋਰ ਹਿੰਸਾ ਤੋਂ ਬਚਾਉਣ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਰੋਕਥਾਮ ਦਾ ਮਜ਼ਬੂਤ ਸੰਦੇਸ਼ ਭੇਜਣਾ ਜ਼ਰੂਰੀ ਹੈ।’’
ਹਰਨੇਕ ਸਿੰਘ ਨੇਕੀ ਨੇ ਅਦਾਲਤ ’ਚ ਦਿੱਤਾ ਲਿਖਤੀ ਬਿਆਨ
ਹਰਨੇਕ ਸਿੰਘ ਨੇਕੀ ਅੱਜ ਦੀ ਸੁਣਵਾਈ ਵਿੱਚ ਸ਼ਾਮਲ ਨਹੀਂ ਹੋਇਆ ਪਰ ਉਸ ਨੇ ਆਪਣਾ ਲਿਖਤੀ ਬਿਆਨ ਪੇਸ਼ ਕੀਤਾ ਜਿਸ ਨੂੰ ਵਕੀਲਾਂ ਨੇ ਉੱਚੀ ਆਵਾਜ਼ ਵਿੱਚ ਪੜ੍ਹਿਆ। ਉਸ ਨੇ ਦੱਸਿਆ, ‘‘ਜਦੋਂ ਸੂਰਜ ਡੁੱਬਦਾ ਹੈ ਤਾਂ ਮੇਰੇ ਪਰਿਵਾਰ ਨੂੰ ਹਰ ਰੋਜ਼ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੀ ਪਤਨੀ ਅਤੇ ਬੱਚੇ ਨੂੰ ਸ਼ੱਕ ਰਹਿੰਦਾ ਹੈ ਕਿ ਕੋਈ ਘਰ ਬਾਹਰ ਲੁਕਿਆ ਬੈਠਿਆ ਹੈ, ਸਾਡੇ ਘਰ ਵਿੱਚ ਦੇਖ ਰਿਹਾ ਹੈ, ਸਾਡੇ ’ਤੇ ਦੁਬਾਰਾ ਹਮਲਾ ਕਰਨਾ ਚਾਹੁੰਦਾ ਹੈ… ਅਸੀਂ ਇੱਕ ਬੇਪਰਵਾਹ, ਸਹਿਜ ਅਤੇ ਖ਼ੁਸ਼ਹਾਲ ਪਰਿਵਾਰ ਤੋਂ ਇੱਕ ਅਜਿਹੇ ਪਰਿਵਾਰ ਵਿੱਚ ਗਏ ਜੋ ਮੇਰੀ ਸੁਰੱਖਿਆ ਲਈ ਲਗਾਤਾਰ ਡਰ ਵਿੱਚ ਰਹਿੰਦਾ ਹੈ।’’
ਪਰ ਨੇਕੀ ਆਪਣੇ ਪਰਿਵਾਰ ਨੂੰ ਡਰ ਵਿੱਚ ਨਾ ਰਹਿਣ ਲਈ ਉਤਸ਼ਾਹਤ ਕਰਦਾ ਹੈ ਅਤੇ ਉਸ ਨੇ ਨਿਊਜ਼ੀਲੈਂਡ ਦੀ ਨਿਆਂ ਪ੍ਰਣਾਲੀ ਵਿੱਚ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ ਕਿ ‘‘ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਇੱਥੋਂ ਤੱਕ ਕਿ ਧਰਮ ਵੀ ਨਹੀਂ।’’
ਦੋਸ਼ੀਆਂ ਨੂੰ ਸਿੱਧੇ ਤੌਰ ’ਤੇ ਸੰਬੋਧਿਤ ਕਰਦੇ ਹੋਏ, ਉਸ ਨੇ ਅੱਗੇ ਕਿਹਾ, ‘‘ਤੁਸੀਂ ਮੈਨੂੰ ਮਾਰਨ ਆਏ ਸੀ।… ਤੁਸੀਂ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਸੰਦੇਸ਼ ਭੇਜਣਾ ਚਾਹੁੰਦੇ ਸੀ ਜੋ ਤੁਹਾਡੇ ਗੈਰ-ਰਵਾਇਤੀ ਧਾਰਮਿਕ ਵਿਚਾਰਾਂ ਨਾਲ ਆਪਣੀ ਅਸਹਿਮਤੀ ਜ਼ਾਹਰ ਕਰਦੇ ਹਨ। ਪਰ ਤੁਸੀਂ ਅਸਫਲ ਰਹੇ।… ਮੈਂ ਆਪਣੇ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਜ਼ਾਹਰ ਕਰਨਾ ਜਾਰੀ ਰੱਖਾਂਗਾ ਜਿਵੇਂ ਮੈਂ ਹਮੇਸ਼ਾ ਕਰਦਾ ਰਿਹਾ ਹਾਂ।’’ ਉਸ ਦੇ ਸ਼ਬਦ ਜੱਜ ਦੇ ਵਿਚਾਰਾਂ ਨਾਲ ਮੇਲ ਖਾਂਦੇ ਦਿਸੇ ਜਿਸ ਨੇ ਸਜ਼ਾ ਸੁਣਾਉਂਦੇ ਸਮੇਂ ਉਨ੍ਹਾਂ ਨੂੰ ਦੁਹਰਾਇਆ।
ਮੁੱਖ ਦੋਸ਼ੀ ਦੇ ਦੋ ਸਾਥੀਆਂ ਨੂੰ ਵੀ ਸਜ਼ਾ
ਅੱਜ ਆਕਲੈਂਡ ਦੀ ਹਾਈ ਕੋਰਟ ਵਿੱਚ ਬੇਨਾਮ ਦੋਸ਼ੀ ਦੇ ਨਾਲ ਸੁਖਪ੍ਰੀਤ ਸਿੰਘ ਵੀ ਸ਼ਾਮਲ ਸੀ, ਜਿਸ ਨੂੰ ਜੁਰਮ ’ਚ ਸਹਾਇਕ ਹੋਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਸਰਵਜੀਤ ਸਿੱਧੂ ਵੀ ਸ਼ਾਮਲ ਸੀ ਜਿਸ ਨੇ ਮੁਕੱਦਮਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਖ਼ੁਦ ਨੂੰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਮੰਨਿਆ ਸੀ।
ਬਚਾਅ ਪੱਖ ਦੇ ਵਕੀਲ ਐਂਡਰਿਊ ਸਪੀਡ ਨੇ ਸਿੱਧੂ (27) ਨੂੰ ਮੁੱਖ ਦੋਸ਼ੀ ਵੱਲੋਂ ਬ੍ਰੇਨਵਾਸ਼ਿੰਗ ਦਾ ਸ਼ਿਕਾਰ ਦੱਸਿਆ ਸੀ। ਉਸ ਦੀ ਦੋਸ਼ੀ ਪਟੀਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਸਾਢੇ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਸੁਖਪ੍ਰੀਤ ਸਿੰਘ, ਜਿਸ ਨੇ ਹਮਲੇ ਤੋਂ ਬਾਅਦ ਚਾਕੂ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਨਹਾਇਆ ਸੀ ਅਤੇ ਤਾਜ਼ੇ ਕੱਪੜੇ ਮੁਹੱਈਆ ਕਰਵਾਏ ਸਨ ਅਤੇ ਉਨ੍ਹਾਂ ਦੀ ਗੱਡੀ ਨੂੰ ਲੁਕਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਨੂੰ ਛੇ ਮਹੀਨੇ ਦੀ ਘਰ ਅੰਦਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ। ਬਚਾਅ ਪੱਖ ਦੀ ਵਕੀਲ ਕੇਟੀ ਹੋਗਨ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ 44 ਸਾਲ ਦੇ ਸੁਖਪ੍ਰੀਤ ਨੂੰ ਹਮਲੇ ਬਾਰੇ ਪਹਿਲਾਂ ਤੋਂ ਪਤਾ ਸੀ।
ਇੱਕ ਹੋਰ ਹਮਲਾਵਰ ਨੂੰ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੈ ਸਜ਼ਾ
ਅੱਜ ਦੀ ਲੰਬੀ ਸੁਣਵਾਈ ਚਾਕੂ ਧਾਰੀ ਹਮਲਾਵਰਾਂ ਵਿਚੋਂ ਇਕ ਜਸਪਾਲ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਡੇਢ ਸਾਲ ਬਾਅਦ ਹੋਈ, ਜਿਸ ਨੇ ਸਭ ਤੋਂ ਪਹਿਲਾਂ ਕਤਲ ਦੀ ਸਾਜਿਸ਼ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਸੀ। ਬਾਅਦ ਵਿੱਚ ਉਸ ਨੇ ਹੀ ਮੁਕੱਦਮੇ ਵਿੱਚ ਗਵਾਹੀ ਦਿੱਤੀ।