ਮੈਲਬਰਨ: ਸਾਊਥ ਆਸਟ੍ਰੇਲੀਆ (SA) ਪੁਲਿਸ ਨੇ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਦੀ ਮੌਤ ਦੇ ਹਾਦਸੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਵਿਕਟੋਰੀਆ ਦੇ ਇੱਕ ਅਧਿਕਾਰੀ ਨੂੰ ਨਿਯੁਕਤ ਕੀਤਾ ਹੈ। ਸਟੀਵਨਜ਼, 18, ਐਡੀਲੇਡ ਤੋਂ ਲਗਭਗ 67 ਕਿਲੋਮੀਟਰ ਦੱਖਣ ਵੱਲ ਗੋਲਵਾ ਬੀਚ ਦੀ ਬੀਚ ਰੋਡ ’ਤੇ ਸਕੂਲੀ ਸਿੱਖਿਆ ਖ਼ਤਮ ਹੋਣ ਦਾ ਜਸ਼ਨ ਮਨਾਉਣ ਲਈ ਗਿਆ ਸੀ, ਜਦੋਂ ਉਸ ਨੂੰ 17 ਨਵੰਬਰ ਨੂੰ ਰਾਤ 9 ਵਜੇ ਕਥਿਤ ਤੌਰ ’ਤੇ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ।
ਡਿਟੈਕਟਿਵ ਸੀਨੀਅਰ ਸਾਰਜੈਂਟ ਪਾਲ ਲਾਈਨਹੈਮ ਅਸਥਾਈ ਤੌਰ ’ਤੇ SA ਪੁਲਿਸ ਸਪੈਸ਼ਲ ਕਾਂਸਟੇਬਲ ਬਣਨਗੇ ਤਾਂ ਜੋ ਜਾਂਚ ਸੁਤੰਤਰ ਰਹੇ। ਸਟੀਵਨਜ਼ ਇਸ ਸਾਲ ਸਟੇਟ ਦੀਆਂ ਸੜਕਾਂ ’ਤੇ ਮਰਨ ਵਾਲਾ 101ਵਾਂ ਵਿਅਕਤੀ ਸੀ। ਇਸ ਹਫਤੇ ਦੇ ਸ਼ੁਰੂ ਵਿੱਚ, ਗ੍ਰਾਂਟ ਅਤੇ ਐਮਾ ਸਟੀਵਨਜ਼ ਨੇ ਆਪਣੇ ਬੇਟੇ ਬਾਰੇ ਇੱਕ ਚਿੱਠੀ ਲਿਖੀ ਸੀ, ਅਤੇ ਕਿਹਾ ਸੀ ਕਿ ਉਹ ‘ਦੁਖਦਾਈ ਗਿਣਤੀ ਵਿੱਚ ਸਿਰਫ ਇੱਕ ਨੰਬਰ ਤੋਂ ਬਹੁਤ ਜ਼ਿਆਦਾ’ ਸੀ। ਚਾਰਲੀ ਸਟੀਵਨਜ਼ ਲਈ ਇੱਕ ਜਨਤਕ ਯਾਦਗਾਰ ਵੀਰਵਾਰ 30 ਨਵੰਬਰ ਨੂੰ ਸ਼ਾਮ 7 ਵਜੇ ਐਡੀਲੇਡ ਓਵਲ ਵਿਖੇ ਕੀਤੀ ਜਾ ਰਹੀ ਹੈ।
ਸਟੀਵਨਜ਼ ਦੀ ਮੌਤ ਨੂੰ ਲੈ ਕੇ 18 ਸਾਲ ਦੇ ਧੀਰੇਨ ਰੰਧਾਵਾ ’ਤੇ ਖ਼ਤਰਨਾਕ ਡਰਾਈਵਿੰਗ ਕਰ ਕੇ ਮੌਤ ਦਾ ਕਾਰਨ ਬਣਨ ਸਮੇਤ ਚਾਰ ਦੋਸ਼ ਦਰਜ ਕੀਤੇ ਗਏ ਹਨ। ਉਸ ’ਤੇ ਸਟੀਵਨਜ਼ ਨੂੰ ਮਾਰਨ ਤੋਂ ਬਾਅਦ ਭੱਜਣ ਦਾ ਦੋਸ਼ ਵੀ ਹੈ। ਉਸ ਨੂੰ ਮਾਰਚ ਵਿਚ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਧੀਰੇਨ ਰੰਧਾਵਾ ਨੂੰ ਅਦਾਲਤ ’ਚੋਂ ਜ਼ਮਾਨਤ ਮਿਲ ਚੁੱਕੀ ਹੈ। ਡਿਪਟੀ ਪੁਲਿਸ ਕਮਿਸ਼ਨਰ ਲਿੰਡਾ ਵਿਲੀਅਮਜ਼ ਨੇ ਕਿਹਾ ਸੀ, ‘‘ਵਿਲੀਅਮਜ਼ ਨੂੰ ਟੱਕਰ ਮਾਰਨ ਵਾਲੀ ਕਾਰ ਮੌਕੇ ’ਤੇ ਨਹੀਂ ਰੁਕੀ ਬਲਕਿ ਪੁਲਿਸ ਵੱਲੋਂ ਕਾਫ਼ੀ ਦੂਰ ਗੂਲਵਾ ਵਿਖੇ ਪੋਰਟ ਇਲੀਅਟ ਰੋਡ ’ਤੇ ਮਿਲੀ ਸੀ।’’ ਚਾਰਲੀ ਵਿਲੀਅਮਜ਼ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦੀ ਪਿਛਲੇ ਸਨਿਚਰਵਾਰ ਰਾਤ ਫ਼ਿਲੰਡਰਸ ਮੈਡੀਕਲ ਸੈਂਟਰ ਵਿਖੇ ਮੌਤ ਹੋ ਗਈ ਸੀ।
ਇਨਕਾਊਂਟਰ ਬੇਅ ਤੋਂ ਰੰਧਾਵਾ ਨੂੰ ਆਡੀਓ-ਵੀਡੀਓ ਲਿੰਕ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਦੀ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ ਗਿਆ ਪਰ ਉਸ ’ਤੇ ਕੁੱਝ ਸ਼ਰਤਾਂ ਥੋਪਣ ਦੀ ਮੰਗ ਕੀਤੀ ਗਈ ਸੀ। ਰੰਧਾਵਾ ਦਾ ਡਰਾਈਵਿੰਗ ਲਾਇਸੈਂਸ ਹਮੇਸ਼ਾ ਲਈ ਰੱਦ ਕਰ ਦਿੱਤਾ ਗਿਆ ਹੈ। ਹਿੰਟਨ ਨੇ ਰੰਧਾਵਾ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਅਤੇ ਚਾਰ ਵਿਅਕਤੀਆਂ ਨਾਲ ਸੰਪਰਕ ਨਾ ਕਰਨ ਦੀ ਵੀ ਮੰਗ ਕੀਤੀ ਜਿਸ ਨੂੰ ਰੰਧਾਵਾ ਦੇ ਵਕੀਲ ਅਨੁਸਾਰ ਉਸ ਨੇ ਮਨਜ਼ੂਰ ਕਰ ਲਿਆ ਹੈ। ਰੰਧਾਵਾ ਦੀ ਵਕੀਲ ਜੇਨ ਏਬੀ ਕੇ.ਸੀ. ਨੇ ਅਦਾਲਤ ਨੂੰ ਕਿਹਾ ਕਿ ਰੰਧਾਵਾ ਦੀ ਮਾਂ ਨੇ ਉਸ ਦੇ ਗਾਰੰਟਰ ਬਣਨ ਨੂੰ ਅਤੇ ਉਸ ਨੂੰ 15 ਹਜ਼ਾਰ ਆਸਟ੍ਰੇਲੀਆਈ ਡਾਲਰਾਂ ਦੀ ਗਾਰੰਟੀ ਮੁਹੱਈਆ ਕਰਵਾਉਣ ਨੂੰ ਮਨਜ਼ੂਰ ਕਰ ਲਿਆ ਹੈ।