ਮੈਲਬਰਨ: ਆਸਟ੍ਰੇਲੀਆ ਵਿਚ ਹੁਨਰਮੰਦ ਪ੍ਰਵਾਸੀਆਂ (Skilled migrants) ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋੜੀਂਦੀਆਂ ਆਸਾਮੀਆਂ ਅਣਭਰੀਆਂ ਰਹਿ ਜਾਂਦੀਆਂ ਹਨ ਜਦਕਿ ਡਿਲੀਵਰੀ ਅਤੇ ਟੈਕਸੀ ਡਰਾਈਵਰਾਂ ਦੀਆਂ ਆਸਾਮੀਆਂ ’ਚ ਬਹੁਤ ਵੱਧ ਯੋਗਤਾ ਰੱਖਣ ਵਾਲੇ ਲੋਕ ਆ ਰਹੇ ਹਨ। ਇਹ ਖ਼ੁਲਾਸਾ ਮੈਲਬਰਨ ’ਚ ਆਰ.ਐਮ.ਆਈ.ਟੀ. ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਵਿਚ ਹੋਇਆ ਹੈ।
ਯੂਨੀਵਰਸਿਟੀ ’ਚ ਇੱਥ ਲੈਕਚਰਾਰ ਜੂਨ ਟਰੈਨ ਨੇ ਕਿਹਾ, ‘‘ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਨਰਮੰਦ ਪ੍ਰਵਾਸੀ ਜੋ ਆਸਟ੍ਰੇਲੀਆ ਆਉਂਦੇ ਹਨ ਅਤੇ ਅਜਿਹੇ ਵਿਦਿਆਰਥੀ ਜੋ ਪੜ੍ਹਾਈ ਤੋਂ ਬਾਅਦ ਆਸਟ੍ਰੇਲੀਆ ਹੀ ਰਹਿੰਦੇ ਹਨ, ਉਨ੍ਹਾਂ ਨੂੰ ਅਰਜ਼ੀ ਪ੍ਰਕਿਰਿਆ ਵਿੱਚ ਰੁਕਾਵਟਾਂ ਦੇ ਕਾਰਨ ਆਪਣੇ ਹੁਨਰ ਦੇ ਪੱਧਰ ਤੋਂ ਘੱਟ ਦੀਆਂ ਨੌਕਰੀਆਂ ਮਿਲ ਰਹੀਆਂ ਹਨ।’’
ਅਧਿਐਨ ’ਚ ਕਿਹਾ ਗਿਆ ਹੈ ਕਿ ਭਰਤੀਕਰਤਾ ਸਥਾਨਕ ਪੱਧਰ ’ਤੇ ਕੰਮ ਦਾ ਤਜਰਬਾ ਹੋਣ ਦੀ ਵਿਤਕਰੇ ਭਰੀ ਜ਼ਰੂਰਤ ਥੋਪ ਦਿੰਦੇ ਹਨ ਅਤੇ ਸਿਰਫ਼ ਸਥਾਨਕ ਸਰਟੀਫ਼ਿਕੇਟ ਜਾਂ ਯੋਗਤਾ ਨੂੰ ਹੀ ਮਾਨਤਾ ਦਿੰਦੇ ਹਨ। ਬਿਨੈਕਾਰਾਂ ਵਿਚਕਾਰ ਆਸਟ੍ਰੇਲੀਆ ’ਚ ਕਵਰ ਲੈਟਰ ਅਤੇ ਮੁੱਖ ਚੋਣ ਮਾਪਦੰਡਾਂ ਨੂੰ ਸੰਬੋਧਨ ਕਰ ਕਰਨ ਵਰਗੀਆਂ ਅਰਜ਼ੀ ਦੀਆਂ ਲੋੜਾਂ ਬਾਰੇ ਸਮਝ ਦੀ ਘਾਟ ਅਧਿਐਨ ਵਿੱਚ ਨੋਟ ਕੀਤੀਆਂ ਗਈਆਂ ਰੁਕਾਵਟਾਂ ’ਚੋਂ ਇੱਕ ਹੈ। ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਏਸ਼ੀਆਈ ਗੈਰ-ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੇ ਲੋਕਾਂ ਨਾਲੋਂ ਘੱਟ ਤਜਰਬੇਕਾਰ ਵਾਲੇ ਪੱਛਮੀ ਦੇਸ਼ਾਂ ਦੇ ਬਿਨੈਕਾਰਾਂ ਪ੍ਰਤੀ ਵੀ ਪੱਖਪਾਤ ਹੈ।
ਟਰੈਨ ਨੇ ਕਿਹਾ, ‘‘ਇਹ ਹੁਨਰਮੰਦ ਪ੍ਰਵਾਸੀ ਆਪਣੇ ਪੱਧਰ ਤੋਂ ਬਹੁਤ ਨੀਵੀਂਆਂ ਨੌਕਰੀਆਂ ਪ੍ਰਾਪਤ ਕਰਦੇ ਹਨ ਤਾਂ ਕਿ ਉਹ ਆਪਣੇ ਅਤੇ ਆਪਣੇ ਪਰਿਵਾਰਾਂ ਨੂੰ ਪਾਲ ਸਕਣ, ਜਦਕਿ ਸਾਨੂੰ ਇਨ੍ਹਾਂ ਦੇ ਹੁਨਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਦਾ ਕਾਰਨ ਪ੍ਰਵਾਸੀ ਵਿਰੋਧੀ ਭਰਤੀ ਅਭਿਆਸ ਹਨ।’’ ਇਹ ਖੋਜ ਪਹਿਲੀ ਵਾਰ ਅਕਤੂਬਰ 2023 ਵਿੱਚ ਏਸ਼ੀਆ ਪੈਸੀਫਿਕ ਜਰਨਲ ਆਫ਼ ਹਿਊਮਨ ਰਿਸੋਰਸ ਵਿੱਚ ਪ੍ਰਕਾਸ਼ਿਤ ਹੋਈ ਸੀ।