ਕੀ ਤੁਸੀਂ ਆਪਣੇ ਟੋਲ ਛੋਟ (Toll rebate) ’ਤੇ ਦਾਅਵਾ ਕਰਨਾ ਤਾਂ ਨਹੀਂ ਭੁੱਲੇ? ਜਾਣੋ ਕਿਸ ਤਰ੍ਹਾਂ ਤੁਹਾਨੂੰ ਮਿਲ ਸਕਦੇ ਹਨ 1500 ਡਾਲਰ

ਮੈਲਬਰਨ: ਨਿਊ ਸਾਊਥ ਵੇਲਜ਼ ’ਚ ਮੋਟਰ ਗੱਡੀ ਮਾਲਕ ਸੈਂਕੜੇ ਡਾਲਰਾਂ ਦੀਆਂ ਟੋਲ ਛੋਟਾਂ (Toll rebate) ਦੇ ਹੱਕਦਾਰ ਹਨ ਜਿਸ ’ਤੇ ਦਾਅਵਾ ਕਰਨ ਦਾ ਆਖ਼ਰੀ ਸਮਾਂ ਬੀਤਣ ਹੀ ਵਾਲਾ ਹੈ।

ਜ਼ਿਕਰਯੋਗ ਹੈ ਕਿ ਸਾਬਕਾ NSW ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਸਾਲ ਦੇ ਸ਼ੁਰੂ ਵਿੱਚ 7 ਅਰਬ ਡਾਲਰ ਦੇ ਰਾਹਤ ਪੈਕੇਜ ਦੇ ਹਿੱਸੇ ਵਜੋਂ ਇੱਕ ਰੋਡ ਟੋਲ ਸਬਸਿਡੀ ਪੇਸ਼ ਕੀਤੀ ਸੀ। ਇਹ ਸਕੀਮ ਟੋਲ ’ਤੇ 375 ਡਾਲਰ ਪ੍ਰਤੀ ਸਾਲ ਖਰਚ ਕਰਨ ਵਾਲੇ ਸੜਕ ਪ੍ਰਯੋਗਕਰਤਾਵਾਂ ਨੂੰ 2022-2023 ਵਿੱਤੀ ਸਾਲ ਲਈ 750 ਡਾਲਰ ਤੱਕ ਦੀ 40 ਫੀਸਦੀ ਛੋਟ ਦਾ ਹੱਕ ਦਿੰਦੀ ਹੈ। 2023-24 ਵਿੱਤੀ ਸਾਲ ਵਿੱਚ ਟੋਲ ’ਤੇ 402 ਡਾਲਰ ਤੋਂ ਵੱਧ ਖਰਚ ਕਰਨ ਵਾਲੇ ਗੱਡੀ ਚਾਲਕ 802 ਡਾਲਰ ਤੱਕ ਦਾ ਦਾਅਵਾ ਕਰ ਸਕਦੇ ਹਨ। ਇਕੱਲੇ ਵਪਾਰੀ ਇਸ ਵਿੱਤੀ ਸਾਲ ਲਈ 1500 ਡਾਲਰ ਅਤੇ 2023-24 ਲਈ 1605 ਡਾਲਰ ਤੱਕ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ।

ਸਰਕਾਰੀ ਅੰਕੜਿਆਂ ਅਨੁਸਾਰ ਕੈਸੁਲਾ, ਹੈਮੰਡਵਿਲੇ, ਲਿਵਰਪੂਲ, ਬਿਊਮੋਂਟ ਹਿੱਲਜ਼ ਅਤੇ ਰੌਜ਼ ਹਿੱਲ ਅਜਿਹੇ ਸਬਅਰਬ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਲੋਕ ਇਹ ਛੋਟ ਪ੍ਰਾਪਤ ਕਰਨ ਦੇ ਯੋਗ ਹਨ। ਡਰਾਈਵਰ ਹਰ ਤਿੰਨ, ਛੇ ਜਾਂ ਨੌਂ ਮਹੀਨਿਆਂ ਵਿੱਚ ਦਾਅਵਾ ਕਰ ਸਕਦੇ ਹਨ, ਜਾਂ ਉਹ ਵਿੱਤੀ ਸਾਲ ਦੇ ਅੰਤ ਵਿੱਚ ਇੱਕ ਪੂਰਾ ਦਾਅਵਾ ਕਰਨ ਦੀ ਚੋਣ ਕਰ ਸਕਦੇ ਹਨ। ਭਾਵੇਂ ਦਾਅਵਾ ਨਾ ਕੀਤੀ ਗਈ ਰਕਮ ਅਗਲੇ ਸਾਲ ਦੀ ਛੋਟ ’ਚ ਜੁਣ ਜਾਵੇਗੀ, ਪਰ ਗੱਡੀ ਚਾਲਕਾਂ ਕੋਲ ਉਨ੍ਹਾਂ ਨੂੰ ਇਕੱਠਾ ਕਰਨ ਲਈ ਵਿੱਤੀ ਸਾਲ ਦੇ ਅੰਤ ਤੋਂ ਬਾਅਦ ਸਿਰਫ ਇੱਕ ਸਾਲ ਹੁੰਦਾ ਹੈ। ਯੋਗ ਡਰਾਈਵਰਾਂ ਕੋਲ 2022-2023 ਵਿੱਤੀ ਸਾਲ ਵਿੱਚ ਖਰਚੇ ਗਏ ਕਿਸੇ ਵੀ ਟੋਲ ਲਈ ਛੋਟ ਦਾ ਦਾਅਵਾ ਕਰਨ ਲਈ 30 ਜੂਨ, 2024 ਤੱਕ ਦਾ ਸਮਾਂ ਹੀ ਹੈ।

ਕੋਈ ਵੀ ਵਿਅਕਤੀ ਜਿਸ ਦਾ ਆਪਣਾ ਟੋਲ ਖਾਤਾ ਆਪਣੇ MyServiceNSW ਖਾਤੇ ਨਾਲ ਲਿੰਕ ਕੀਤਾ ਹੋਇਆ ਹੈ, ਉਹ ਇਹ ਦੇਖਣ ਲਈ ਐਪ ਦੀ ਜਾਂਚ ਕਰ ਸਕਦਾ ਹੈ ਕਿ ਕੀ ਉਨ੍ਹਾਂ ਦੀ ਕੋਈ ਟੋਲ ਰਾਹਤ ਬਕਾਇਆ ਹੈ ਜਾਂ ਨਹੀਂ। ਅਪਲਾਈ ਕਰਨ ਲਈ, ਬਸ ਸਰਵਿਸ NSW ਵੈੱਬਸਾਈਟ ’ਤੇ ਜਾਓ, ਲੌਗ ਇਨ ਕਰੋ ਅਤੇ ਸੰਬੰਧਿਤ ਫਾਰਮ ਨੂੰ ਭਰੋ।