ਮੈਲਬਰਨ: ਉੱਤਰੀ ਮੈਲਬਰਨ ਵਿੱਚ ਇੱਕ 12-ਮੰਜ਼ਲਾ ਅਪਾਰਟਮੈਂਟ ਬਲਾਕ, ਸਿਰਫ ਪੰਜ ਸਾਲ ਪਹਿਲਾਂ ਬਣਾਇਆ ਗਿਆ ਸੀ, ਜਿਸ ਨੂੰ ਹੁਣ ਢਾਹਿਆ (Melbourne apartments demolition) ਅਤੇ ਦੁਬਾਰਾ ਬਣਾਇਆ ਜਾਣਾ ਤੈਅ ਹੈ। ਇਸ ਨਾਲ ਡਿਸਪੋਜ਼ੇਬਲ ਇਮਾਰਤਾਂ ਪ੍ਰਤੀ ਸ਼ਹਿਰ ਦੇ ਰੁਝਾਨ ਬਾਰੇ ਬਹਿਸ ਛਿੜ ਗਈ ਹੈ। ਮੈਲਬਰਨ ਸਿਟੀ ਨੇ RMIT ਵਿਲੇਜ ਡਿਵੈਲਪਮੈਂਟ ਨੂੰ ਢਾਹ ਕੇ ਇਸ ਦੀ ਥਾਂ ’ਤੇ ਇੱਕ ਨਵੀਂ 19-ਮੰਜ਼ਲਾ ਵਿਦਿਆਰਥੀ ਰਿਹਾਇਸ਼ੀ ਇਮਾਰਤ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਡਿਪਟੀ ਲਾਰਡ ਮੇਅਰ ਨਿਕੋਲਸ ਰੀਸ ਨੇ ਇੱਕ ਵੱਡੀ, ਨਵੀਂ ਇਮਾਰਤ ਨੂੰ ਢਾਹੁਣ ਦੀ ਬਰਬਾਦੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ, ਖਾਸ ਕਰ ਕੇ ਇੱਕ ਜਲਵਾਯੂ ਐਮਰਜੈਂਸੀ ਦੇ ਵਿਚਕਾਰ। ਉਨ੍ਹਾਂ ਨੇ ਟਿਕਾਊ ਇਮਾਰਤੀ ਮਿਆਰਾਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਢਾਹੁਣ ਦੀ ਬਜਾਏ ਇਨ੍ਹਾਂ ਇਮਾਰਤਾਂ ਨੂੰ ਵਧੇਰੇ ਕਾਰਬਨ-ਕੁਸ਼ਲ ਬਣਾ ਕੇ ਹੋਰ ਵੱਧ ਸਮੇਂ ਲਈ ਵਰਤੋਂ ਕਰਨ ਲਈ ਅਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ।
ਜਦਕਿ ਇਮਾਰਤ ਦੇ ਮਾਲਕਾਂ, ਜਿਸ ਦੀ ਨੁਮਾਇੰਦਗੀ ਯੋਜਨਾਕਾਰ ਐਂਡਰੀਆ ਜ਼ੋਹਰ ਵੱਲੋਂ ਕੀਤੀ ਜਾਂਦੀ ਹੈ, ਨੇ ਦਲੀਲ ਦਿੱਤੀ ਕਿ ਇਮਾਰਤ ‘ਬਹੁਤ ਘੱਟ ਵਰਤੋਂ’ ’ਚ ਸੀ ਅਤੇ ਇਮਾਰਤ ਦਾ ਮੁਰੰਮਤ ਕਰਨਾ ਕਿਫ਼ਾਇਤੀ ਨਹੀਂ ਮੰਨਿਆ ਜਾਂਦਾ ਹੈ। ਜਦਕਿ ਰੀਸ ਨੇ ਨਵੀਆਂ ਨੀਵੇਂ-ਦਰਜੇ ਦੀਆਂ ਇਮਾਰਤਾਂ ਦੀ ਉਸਾਰੀ ਦੀ ਬਜਾਏ ਰੈਟਰੋਫ਼ੀਟਿੰਗ ਅਤੇ ਨਵੇਂ ਮੰਤਵਾਂ ਲਈ ਇਸ ਦੀ ਮੁੜਵਰਤੋਂ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਤਾਂ ਅਸੀਂ ਬਹੁਤ ਛੇਤੀ ਕਬਾੜ ਇਮਾਰਤਾਂ ਦਾ ਸ਼ਹਿਰ ਬਣ ਜਾਵਾਂਗੇ ਅਤੇ ਇਸ ਦਾ ਵਾਤਾਵਰਣ ’ਤੇ ਵੀ ਬਹੁਤ ਮਾੜਾ ਅਸਰ ਪਵੇਗਾ।’’ ਮੈਲਬਰਨ ’ਚ ਪ੍ਰਦੂਸ਼ਣ ਦਾ 66 ਫ਼ੀ ਸਦੀ ਉਸਾਰੀ ਕਾਰਜਾਂ ਕਾਰਨ ਵਾਪਰਦਾ ਹੈ।
ਢਾਹੁਣ ਅਤੇ ਪੁਨਰ-ਨਿਰਮਾਣ ਦੇ ਫੈਸਲੇ ਨੇ ਉਸਾਰੀ ਅਤੇ ਢਾਹੁਣ ਦੇ ਵਾਤਾਵਰਣ ’ਤੇ ਪੈਣ ਵਾਲੇ ਅਸਰਾਂ ਬਾਰੇ ਇੱਕ ਬਹਿਸ ਛੇੜ ਦਿੱਤੀ ਹੈ। ਮਾਹਰਾਂ ਨੇ ਕਿਹਾ ਹੈ ਕਿ ਇਮਾਰਤਾਂ ਨੂੰ ਰੈਟਰੋਫਿਟਿੰਗ ਕਰਨ ਵਿੱਚ ਆਸਟ੍ਰੇਲੀਆ ਦੂਜੇ ਦੇਸ਼ਾਂ ਤੋਂ ਪਿੱਛੇ ਹੈ। ਉਹ ਦਲੀਲ ਦਿੰਦੇ ਹਨ ਕਿ ਇਮਾਰਤ ਬਣਾਉਣ ਲਈ ਵਰਤੀ ਜਾਂਦੀ ਊਰਜਾ ਅਤੇ ਢਾਹੁਣ ਵਿਚ ਬਰਬਾਦ ਹੋਏ ਸਰੋਤਾਂ ਨੂੰ ਵੀ ਯੋਜਨਾ ਪ੍ਰਣਾਲੀ ਵਿਚ ਵਿਚਾਰਿਆ ਜਾਣਾ ਚਾਹੀਦਾ ਹੈ।