ਕੈਨਬਰਾ ’ਚ ਪੰਜਾਬੀ ਮੂਲ ਦੇ ਡਰਾਈਵਰ ’ਤੇ ਨਸਲੀ ਹਮਲਾ, ਉਬਰ (Uber) ਨੇ ਇੱਕ ਹਫ਼ਤੇ ਲਈ ਕੰਮ ਤੋਂ ਵਾਂਝਾ ਕੀਤਾ

ਮੈਲਬਰਨ: ਆਸਟ੍ਰੇਲੀਆ ਦੇ ਕੈਨਬਰਾ ’ਚ ਵਸੇ ਇੱਕ ਪੰਜਾਬੀ ਮੂਲ ਦੇ ਉਬਰ (Uber) ਡਰਾਈਵਰ ਹਰਜੀਤ ਸਿੰਘ ਨੂੰ ਆਪਣੀ 17,068ਵੀਂ ਟਰਿੱਪ ਦੌਰਾਨ ਅੱਧੀ ਰਾਤ ਸਮੇਂ ਅਜਿਹੀ ਕੌੜੀ ਯਾਦ ਮਿਲੀ ਜੋ ਕੋਈ ਆਪਣੇ ਦੁਸ਼ਮਣ ਲਈ ਵੀ ਨਹੀਂ ਚਾਹੇਗਾ। 11 ਨਵੰਬਰ ਦੀ ਰਾਤ 12:15 ਵਜੇ ਉਸ ਨੇ ਕੈਨਬਰਾ ਦੇ ਇੱਕ ਨਾਈਟ ਕਲੱਬ ਬਾਹਰੋਂ ਛੇ ਮੁਸਾਫ਼ਰਾਂ ਨੂੰ ਚੁੱਕਿਆ ਸੀ ਜੋ ਮੌਜ-ਮਸਤੀ ਕਰਨ ਮਗਰੋਂ ਘਰ ਪਰਤ ਰਹੇ ਸਨ। ਇੱਕ ਮੁਸਾਫ਼ਰ ਨੇ ਉਸ ਨੂੰ ਕਾਰ ਦੀਆਂ ਖਿੜਕੀਆਂ ਹੇਠਾਂ ਕਰਨ ਲਈ ਕਿਹਾ ਪਰ ਹਰਜੀਤ ਨੇ ਜਵਾਬ ਦਿੱਤਾ ਕਿ ਬਾਹਰ ਮੀਂਹ ਪੈ ਰਿਹਾ ਹੈ ਅਤੇ ਉਸ ਦੀ ਨਵੀਂ ਕਾਰ ਮੀਂਹ ਪੈਣ ਨਾਲ ਖ਼ਰਾਬ ਹੋ ਸਕਦੀ ਹੈ। ਉਸ ਨੇ ਸੁਝਾਅ ਦਿੱਤਾ ਕਿ ਇਸ ਦੀ ਬਜਾਏ ਉਹ ਕਾਰ ਦਾ ਏ.ਸੀ. ਤੇਜ਼ ਕਰ ਸਕਦਾ ਹੈ। ਪਰ ਏਨੀ ਕਹਿਣ ਦੀ ਦੇਰ ਸੀ ਕਿ ਉਸ ਮੁਸਾਫ਼ਰ ਦੇ ਮੱਥੇ ’ਤੇ ਵੱਟ ਪੈ ਗਏ ਅਤੇ ਉਸ ਨੇ ਹਰਜੀਤ ਨਾਲ ਨਸਲੀ ਗਾਲੀ-ਗਲੋਚ (Racist abuse) ਸ਼ੁਰੂ ਕਰ ਦਿੱਤੀ।

ਘਟਨਾ ਬਾਰ ਦੱਸਦਿਆਂ ਹਰਜੀਤ ਸਿੰਘ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਬਹੁਤ ਬੁਰਾ-ਭਲਾ ਕਿਹਾ। ਨਸਲੀ ਟਿੱਪਣੀਆਂ ਕੀਤੀਆਂ। ਮੈਂ ਉਨ੍ਹਾਂ ਨੂੰ ਘਰ ਛੱਡਣ ਲਈ ਤਿਆਰ ਸੀ। ਪਰ ਫਿਰ ਉਨ੍ਹਾਂ ’ਚੋਂ ਇੱਕ ਨੇ ਮੇਰੇ ਸਿਰ ਪਿੱਛੇ ਥੱਪੜ ਮਾਰ ਦਿੱਤਾ। ਹਾਲਾਂਕਿ ਮੁਸਾਫਰਾਂ ਵਿੱਚੋਂ ਇੱਕ ਨੇ ਮੁਆਫੀ ਮੰਗੀ। ਪਰ ਮੈਂ ਕਿਹਾ ਕਿ ਬਹੁਤ ਹੋ ਗਿਆ।’’ ਹਰਜੀਤ ਨੇ ਕਾਰ ਨੂੰ ਰੋਕ ਲਿਆ ਅਤੇ ਮਦਦ ਲਈ ਉੱਥੋਂ ਦੌੜਨ ਦੀ ਤਿਆਰੀ ਕਰਨ ਦਾ ਫੈਸਲਾ ਕੀਤਾ। ਸਵਾਰੀਆਂ ਵੀ ਕਾਰ ’ਚੋਂ ਉਤਰ ਗਈਆਂ ਅਤੇ ਹਰਜੀਤ ਨੂੰ ਫਿਰ ਥੱਪੜ ਮਾਰਿਆ ਗਿਆ ਤੇ ਉਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਹਾਲਾਂਕਿ ਕਿਸੇ ਤਰ੍ਹਾਂ ਹਰਜੀਤ ਕਾਰ ’ਚ ਮੁੜ ਬੈਠ ਗਿਆ ਅਤੇ ਉੱਥੋਂ ਕਾਰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਇੱਕ ਸੁਰੱਖਿਅਤ ਸਥਾਨ ’ਤੇ ਜਾ ਕੇ ਉਸ ਨੇ ਘਟਨਾ ਦੀ ਸੂਚਨਾ ਉਬੇਰ ਅਤੇ ਬੇਲਕਨੇਨ ਪੁਲਿਸ ਸਟੇਸ਼ਨ ਨੂੰ ਦਿੱਤੀ। ਪੁਲਿਸ ਨੇ ਰਿਪੋਰਟ ਦੀ ਪੁਸ਼ਟੀ ਕੀਤੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Watch Video

Uber ਦੀ ਕਾਰਵਾਈ ਤੋਂ ਪਈ ਵੱਡੀ ਮਾਰ

ਹਰਜੀਤ ਸਿੰਘ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਪਰ ਉਬਰ ਦੀ ਕਾਰਵਾਈ ਤੋਂ ਉਸ ਨੂੰ ਬਹੁਤ ਨਿਰਾਸ਼ਾ ਹੋਈ, ਕਿਉਂਕਿ ਘਟਨਾ ਤੋਂ ਬਾਅਦ ਉਨ੍ਹਾਂ ਦਾ ਖਾਤਾ ਅਸਥਾਈ ਤੌਰ ’ਤੇ ਬਲੌਕ ਕਰ ਦਿੱਤਾ ਗਿਆ। ਇਹ ਉਸ ਲਈ ਖਾਸ ਤੌਰ ’ਤੇ ਦੁਖਦਾਈ ਸੀ ਕਿਉਂਕਿ ਉਹ ਆਪਣੇ ਪਰਿਵਾਰ ਲਈ ਇਕੱਲਾ ਰੋਟੀ ਕਮਾਉਣ ਵਾਲਾ ਹੈ। ਉਸ ਦਾ ਖਾਤਾ ਪੂਰੇ ਇੱਕ ਹਫ਼ਤੇ ਤੋਂ ਬੰਦ ਰਹਿਣ ਮਗਰੋਂ ਬਹਾਲ ਕੀਤਾ ਗਿਆ। ਪਰ ਮਹਿੰਗਾਈ ਦੇ ਇਸ ਸਮੇਂ ’ਚ ਆਮਦਨ ਤੋਂ ਵਾਂਝਾ ਹੋ ਜਾਣ ਕਾਰਨ ਉਸ ’ਤੇ ਬਹੁਤ ਵੱਡੀ ਮਾਰ ਪਈ ਹੈ।

ਉਬਰ ਦਾ ਕਹਿਣਾ ਹੈ ਕਿ ਉਹ ਆਪਣੇ ਪਲੇਟਫਾਰਮ ’ਤੇ ਕਿਸੇ ਵੀ ਅਪਰਾਧਿਕ ਜਾਂ ਹਿੰਸਕ ਗਤੀਵਿਧੀ ਦੀ ਸਖ਼ਤ ਨਿੰਦਾ ਕਰਦੇ ਹਨ। ਉਬਰ ਨੇ ਹਾਲਾਂਕਿ ਹਰਜੀਤ ਸਿੰਘ ’ਤੇ ਹਮਲਾ ਕਰਨ ਵਾਲੇ ਮੁਸਾਫ਼ਰ ਦਾ ਖਾਤਾ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਕੰਪਨੀ ਦੀ ਨੀਤੀ ਇਹ ਹੈ ਕਿ ਜਾਂਚ ਜਾਰੀ ਹੋਣ ਤਕ ਉਹ ਡਰਾਈਵਰ ਦਾ ਖਾਤਾ ਵੀ ਆਰਜ਼ੀ ਤੌਰ ’ਤੇ ਬੰਦ ਕਰ ਦਿੰਦੀ ਹੈ।