ਇਜ਼ਰਾਈਲ ਅਤੇ ਹਮਾਸ ’ਚ ਜੰਗਬੰਦੀ ’ਤੇ ਬਣੀ ਸਹਿਮਤੀ, 50 ਬੰਧਕਾਂ ਨੂੰ ਵੀ ਕੀਤਾ ਜਾਵੇਗਾ ਰਿਹਾਅ (Israel-Hamas war)

ਮੈਲਬਰਨ: ਇਜ਼ਰਾਈਲ ਅਤੇ ਹਮਾਸ ਵਿਚਕਾਰ ਡੇਢ ਮਹੀਨੇ ਤੋਂ ਚਲ ਰਹੀ ਭਿਆਨਕ ਜੰਗ (Israel-Hamas war) ਦੌਰਾਨ ਇੱਕ ਚੰਗੀ ਖ਼ਬਰ ਆਈ ਹੈ। ਦੋਵੇਂ ਦੇਸ਼ ਜੰਗ ’ਚ ਚਾਰ ਦਿਨਾਂ ਦੇ ਮਾਨਵਤਾਵਾਦੀ ਵਿਰਾਮ ਅਤੇ ਗਾਜ਼ਾ ਵਿੱਚ ਬੰਦ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ ਘੱਟ 50 ਬੰਧਕਾਂ ਦੀ ਰਿਹਾਈ ਲਈ ਇੱਕ ਸਮਝੌਤੇ ’ਤੇ ਪਹੁੰਚ ਗਏ ਹਨ। ਮੁੱਖ ਵਾਰਤਾਕਾਰ ਕਤਰ ਵੱਲੋਂ ਕਰਵਾਇਆ ਇਹ ਸਮਝੌਤਾ ਇਜ਼ਰਾਈਲ ਦੀ ਕੈਬਨਿਟ ਦੀ ਮਨਜ਼ੂਰੀ ਮਿਲਣ ਮਗਰੋਂ ਹੀ ਅਮਲ ’ਚ ਆਵੇਗਾ।

ਹਮਾਸ ਵੱਲੋਂ ਬੰਧਕਾਂ ਨੂੰ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਬੰਦ ਕਈ ਫਲਸਤੀਨੀ ਔਰਤਾਂ ਅਤੇ ਬੱਚਿਆਂ ਦੇ ਬਦਲੇ ਰਿਹਾਅ ਕੀਤਾ ਜਾਵੇਗਾ। ਇਹ ਵਿਰਾਮ ਫ਼ਿਊਲ ਅਤੇ ਰਾਹਤ ਸਹਾਇਤਾ ਸਮੇਤ ਮਾਨਵਤਾਵਾਦੀ ਲੋੜਾਂ ਦੇ ਦਾਖਲੇ ਦੀ ਵੀ ਇਜਾਜ਼ਤ ਦੇਵੇਗਾ।

ਹਮਾਸ ਨੇ ਇਸ ਸਮੇਂ ਗਾਜ਼ਾ ਵਿੱਚ 239 ਬੰਧਕ ਬਣਾਏ ਹੋਏ ਹਨ, ਜਿਨ੍ਹਾਂ ਵਿੱਚ 26 ਦੇਸ਼ਾਂ ਦੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਸੌਦੇ ਤੋਂ ਪਹਿਲਾਂ ਵੀ ਕੁਝ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਸੀ।

ਜੰਗਬੰਦੀ ਚਾਰ ਦਿਨਾਂ ਦੀ ਮਿਆਦ ਤੋਂ ਅੱਗੇ ਵਧਣ ਦੀ ਸੰਭਾਵਨਾ ਦੇ ਬਾਵਜੂਦ, ਇਜ਼ਰਾਈਲ ਨੇ ਬੰਧਕਾਂ ਦੀ ਰਿਹਾਈ ਦੇ ਇਸ ਦੌਰ ਦੇ ਸਮਾਪਤ ਹੋਣ ਤੋਂ ਬਾਅਦ ਆਪਣੀ ਹਵਾਈ ਅਤੇ ਜ਼ਮੀਨੀ ਮੁਹਿੰਮ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਜ਼ਰਾਈਲੀ ਫੌਜ ਅਜੇ ਵੀ ਯੋਜਨਾ ਬਣਾ ਰਹੀ ਹੈ ਜੰਗਬੰਦੀ ਕਦੋਂ ਲਾਗੂ ਹੋਵੇਗੀ।

ਇਹ ਸੌਦਾ ਬੰਧਕਾਂ ਦੇ ਪਰਿਵਾਰਾਂ ਵੱਲੋਂ ਇਜ਼ਰਾਈਲੀ ਸਰਕਾਰ ’ਤੇ ਵਧਦੇ ਦਬਾਅ ਤੋਂ ਬਾਅਦ ਹੋਇਆ ਹੈ, ਜਿਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੋਂ ਜਵਾਬ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਸੰਘਰਸ਼ ਦੇ ਨਤੀਜੇ ਵਜੋਂ ਗਾਜ਼ਾ ਵਿੱਚ ਇੱਕ ਗੰਭੀਰ ਮਾਨਵਤਾਵਾਦੀ ਸੰਕਟ ਪੈਦਾ ਹੋਇਆ ਹੈ। ਸੰਘਰਸ਼ 7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ। ਹਮਾਸ ਦੇ ਹਮਲੇ ’ਚ 1200 ਤੋਂ ਵੱਧ ਇਜ਼ਰਾਈਲੀ ਲੋਕਾਂ ਦੀ ਮੌਤ ਹੋ ਗਈ ਸੀ। ਹਮਾਸ ਵੱਲੋਂ ਚਲਾਏ ਜਾ ਰਹੇ ਸਰਕਾਰ ਦੇ ਪ੍ਰੈਸ ਦਫਤਰ ਅਨੁਸਾਰ 7 ਅਕਤੂਬਰ ਤੋਂ ਹੁਣ ਤੱਕ ਗਾਜ਼ਾ ’ਚ 12,000 ਤੋਂ ਵੱਧ ਫ਼ਲਸਤੀਨੀ ਲੋਕ ਜੰਗ ’ਚ ਮਾਰੇ ਗਏ ਹਨ।

ਬੰਧਕਾਂ ਦੇ ਪਰਿਵਾਰ ਨੂੰ ਬੇਸਬਰੀ ਨਾਲ ਰਿਹਾਈ ਦੀ ਉਡੀਕ

ਭਾਵੇਂ ਕਿ ਰਿਹਾਈ ਦੇ ਵੇਰਵੇ ਅਸਪਸ਼ਟ ਰਹੇ, ਹਮਾਸ ਵੱਲੋਂ ਰੱਖੇ ਗਏ ਬੰਧਕਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਰਾਹਤ ਜ਼ਾਹਰ ਕੀਤੀ – ਅਤੇ ਆਸ ਪ੍ਰਗਟ ਕੀਤੀ ਕਿਉਂਕਿ ਉਹ ਇਹ ਜਾਣਨ ਦੀ ਉਡੀਕ ਕਰ ਰਹੇ ਸਨ ਕਿ ਕੀ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਗੱਲਬਾਤ ਦੀ ਰਿਹਾਈ ਵਿੱਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ।

ਅਜਿਹੀ ਇੱਕ ਬੰਧਕ 9 ਸਾਲਾਂ ਦੀ ਐਮਿਲੀ ਹੈ ਜਿਸ ਦਾ ਆਇਰਿਸ਼ ਮੂਲ ਦਾ ਪਿਤਾ ਥਾਮਸ ਹੈਂਡ ਆਪਣੀ ਧੀ ਨੂੰ ਹਮਾਸ ਵੱਲੋਂ ਅਗਵਾ ਕੀਤੇ ਜਾਣ ਤੋਂ ਬਾਅਦ ਆਪਣਾ ‘ਸਭ ਤੋਂ ਬੁਰਾ ਸੁਪਨਾ’ ਜੀ ਰਿਹਾ ਹੈ। ਸ਼ੁਰੂ ਵਿੱਚ, ਹੈਂਡ ਨੂੰ ਸੂਚਿਤ ਕੀਤਾ ਗਿਆ ਸੀ ਕਿ ਐਮਿਲੀ ਹਮਲੇ ਵਿੱਚ ਮਾਰੀ ਗਈ ਸੀ, ਪਰ ਬਾਅਦ ਵਿੱਚ ਖੁਫੀਆ ਜਾਣਕਾਰੀ ਨੇ ਦਸਿਆ ਦਿੱਤਾ ਕਿ ਉਹ ਗਾਜ਼ਾ ਵਿੱਚ ਬੰਧਕ ਬਣਾਏ ਗਏ ਇਜ਼ਰਾਈਲੀਆਂ ਵਿੱਚ ਸ਼ਾਮਲ ਹੈ।

ਹੈਂਡ ਨੇ ਆਪਣੀ ਧੀ ਦੀ ਤੰਦਰੁਸਤੀ ਲਈ ਆਪਣਾ ਦੁਖ ਅਤੇ ਡਰ ਜ਼ਾਹਰ ਕਰਦੇ ਹੋਏ ਇਹ ਦੱਸਿਆ ਕਿ ਉਹ ‘ਬਹੁਤ ਟੁੱਟ ਗਈ’ ਹੋਵੇਗੀ ਅਤੇ ਉਸ ਨੂੰ ‘ਠੀਕ ਹੋਣ ਵਿੱਚ ਲੰਮਾ ਸਮਾਂ ਲਵੇਗਾ’। ਬੰਧਕਾਂ ਦੀ ਰਿਹਾਈ ਲਈ ਨਜ਼ਦੀਕੀ ਸਮਝੌਤੇ ਦੀਆਂ ਰਿਪੋਰਟਾਂ ਬਾਰੇ ਉਸ ਦੇ ਸ਼ੱਕ ਦੇ ਬਾਵਜੂਦ, ਹੈਂਡ ਐਮਿਲੀ ਦੀ ਵਾਪਸੀ ਲਈ ਆਸਵੰਦ ਹੈ, ਜਿਸ ਬਾਰੇ ਉਸ ਕਹਿਣਾ ਹੈ ਕਿ ਉਸ ਦੀ ਧੀ ਹੀ ਉਸ ਦੇ ‘ਹਰ ਰੋਜ਼ ਸਵੇਰੇ ਉੱਠਣ ਅਤੇ ਜਿਊਂਦਾ ਰਹਿਣ ਦਾ ਕਾਰਨ’ ਹੈ।