ਨਿਊਜ਼ੀਲੈਂਡ ਦੀ ਬੇਬੇ ਨੂੰ ਮਹਿੰਗਾ ਪਿਆ ਚਿਕਨ ਸੈਂਡਵਿਚ (Chicken Sandwich), ਆਸਟ੍ਰੇਲੀਆਈ ਅਫ਼ਸਰਾਂ ਨੇ ਲਾਇਆ 3300 ਡਾਲਰ ਦਾ ਜੁਰਮਾਨਾ, ਫਿਰ ਕੀ ਹੋਇਆ, ਜਾਣ ਕੇ ਰਹਿ ਜਾਓਗੋ ਹੈਰਾਨ

ਮੈਲਬਰਨ: ਘਟਨਾਵਾਂ ਦੇ ਇੱਕ ਹੈਰਾਨੀਜਨਕ ਮੋੜ ਵਿੱਚ, ਕ੍ਰਾਈਸਟਚਰਚ ਦੀ ਇੱਕ 77 ਸਾਲ ਦੀ ਬਜ਼ੁਰਗ ਪੈਨਸ਼ਨਰ ਜੂਨ ਆਰਮਸਟ੍ਰਾਂਗ ਨੂੰ ਆਪਣੇ ਆਸਟ੍ਰੇਲੀਆ ਸਫ਼ਰ ਦੌਰਾਨ ਚਿਕਨ ਸੈਂਡਵਿਚ (Chicken Sandwich) ਖ਼ਰੀਦਣਾ ਮਹਿੰਗਾ ਪੈ ਗਿਆ। ਬ੍ਰਿਸਬੇਨ ਦੀ ਫੇਰੀ ਦੌਰਾਨ, ਉਹ ਆਪਣੇ ਬੈਕਪੈਕ ਵਿੱਚ ਇੱਕ ਸੀਲਬੰਦ ਚਿਕਨ ਸੈਂਡਵਿਚ ਨੂੰ ਆਪਣੇ ਨਾਲ ਲਿਆਂਦੇ ਸਾਮਾਨ ਦੀ ਸੂਚੀ ’ਚ ਦਸਣਾ ਭੁੱਲ ਗਈ ਸੀ ਜਿਸ ਕਾਰਨ ਆਸਟ੍ਰੇਲੀਆਈ ਬਾਰਡਰ ਅਫ਼ਸਰਾਂ ਨੇ ਉਸ ਨੂੰ 3300 ਡਾਲਰ ਦਾ ਭਾਰੀ ਜੁਰਮਾਨਾ ਲਗਾ ਦਿੱਤਾ। ਉਸਨੂੰ ਕਿਹਾ ਗਿਆ ਸੀ ਕਿ ਅਦਾਲਤ ਵਿੱਚ ਦਾਅਵੇ ਦਾ ਮੁਕਾਬਲਾ ਕਰਨ ਲਈ ਉਸ ਨੂੰ 26,000 ਹਜ਼ਾਰ ਡਾਲਰ ਦਾ ਖਰਚਾ ਆਵੇਗਾ, ਇਸ ਲਈ ਉਸਨੇ ਜੁਰਮਾਨਾ ਅਦਾ ਕਰਨਾ ਹੀ ਬਿਹਤਰ ਸਮਝਿਆ।

ਇਹ ਸੈਂਡਵਿਚ ਉਸ ਨੇ ਤੜਕੇ 4 ਵਜੇ ਕ੍ਰਾਈਸਟਚਰਚ ਹਵਾਈ ਅੱਡੇ ’ਤੇ ਖ਼ਰੀਦਿਆ ਸੀ ਜੋ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹਿੰਗਾ ਸਨੈਕ ਸਾਬਤ ਹੋਇਆ। ਸੈਂਡਵਿਚ ਦਾ ਉਥੇ ਹੀ ਨਿਪਟਾਰਾ ਕਰਨ ਦੀਆਂ ਉਸ ਦੀਆਂ ਬੇਨਤੀਆਂ ਦੇ ਬਾਵਜੂਦ, ਅਫ਼ਸਰ ਅਡੋਲ ਰਹੇ ਅਤੇ ਉਸ ਨੂੰ ਕਿਹਾ ਕਿ ਉਨ੍ਹਾਂ ਸਾਹਮਣੇ ਭੁੱਲ ਜਾਣ ਦਾ ਬਹਾਨਾ ਨਹੀਂ ਚਲੇਗਾ। ਆਸਟ੍ਰੇਲੀਆਈ ਸਰਕਾਰ ਦੇ ਖੇਤੀਬਾੜੀ, ਮੱਛੀ ਪਾਲਣ ਅਤੇ ਜੰਗਲਾਤ ਵਿਭਾਗ ਨੇ ਚਿਕਨ ਸੈਂਡਵਿਚ ਨੂੰ ਗੰਭੀਰ ਜੈਵਿਕ ਸੁਰੱਖਿਆ ਚਿੰਤਾ ਵਾਲੀ ਚੀਜ਼ ਦਸਿਆ ਸੀ। ਜਦਕਿ ਆਰਮਸਟ੍ਰਾਂਗ ਨੇ ਇੰਨਾ ਉੱਚ ਜੁਰਮਾਨਾ ਲਾਏ ਜਾਣ ’ਤੇ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਕਿਉਂਕਿ ਸੈਂਡਵਿਚ ਸੀਲਬੰਦ ਸੀ ਅਤੇ ਅਣਛੂਹਿਆ ਪਿਆ ਰਿਹਾ ਸੀ। ਉਸ ਨੇ ਅਫ਼ਸਰਾਂ ਨੂੰ ਸਵਾਲ ਵੀ ਕੀਤਾ ਕਿ ਨਿਊਜ਼ੀਲੈਂਡ ਇੱਕ ਘੱਟ ਜੋਖਮ ਵਾਲਾ ਦੇਸ਼ ਹੈ, ਚਿਕਨ ਪਕਿਆ ਹੋਇਆ ਸੀ ਸੀਲਬੰਦ ਸੀ, ਫਿਰ ਏਨਾ ਵੱਡਾ ਜੁਰਮਾਨਾ ਕਿਵੇਂ ਲਗਾਇਆ ਜਾ ਸਕਦਾ ਹੈ?

ਹਾਲਾਂਕਿ ਉਸ ਦੀ ਕਿਸਮਤ ’ਚ ਉਸ ਸਮੇਂ ਮੋੜ ਆ ਗਿਆ ਜਦੋਂ ਇੱਕ ਗੁਮਨਾਮ ਉਦਯੋਗਪਤੀ ਨੇ ਉਸ ਨੂੰ ਜੁਰਮਾਨਾ ਅਦਾ ਕਰਨ ਦੀ ਪੇਸ਼ਕਸ਼ ਕੀਤੀ, ਜੋ ਉਸ ਦੀ ਹਾਲਤ ਬਾਰੇ ਖ਼ਬਰਾਂ ਸੁਣ ਕੇ ਭਾਵੁਕ ਹੋ ਗਿਆ ਸੀ। ਉਸ ਨੇ ਰਕਮ ਜੂਨ ਆਰਮਸਟ੍ਰਾਂਗ ਦੇ ਖਾਤੇ ’ਚ ਜਮ੍ਹਾਂ ਵੀ ਕਰਵਾ ਦਿਤੀ ਹੈ। ਇਹ ਜੁਰਮਾਨਾ ਬਜ਼ੁਰਗ ਔਰਤ ਦੀ ਲਗਭਗ ਨੌਂ ਹਫ਼ਤਿਆਂ ਦੀ ਪੈਨਸ਼ਨ ਦੇ ਬਰਾਬਰ ਸੀ। ਜੂਨ ਆਰਮਸਟ੍ਰਾਂਗ ਇਸ ਉਦਾਰ ਪੇਸ਼ਕਸ਼ ਤੋਂ ਹੈਰਾਨ ਹੈ ਅਤੇ ਉਸ ਨੇ ਇਸ ਉਦਯੋਗਪਤੀ ਦਾ ਧੰਨਵਾਦ ਕੀਤਾ।

Chicken Sandwich ਤੋਂ ਹੋਇਆ ਮੋਹਭੰਗ

ਹਾਲਾਂਕਿ, ਇਸ ਘਟਨਾ ਕਾਰਨ ਉਸ ਦਾ ਚਿਕਨ ਸੈਂਡਵਿਚ ਤੋਂ ਮੋਹਭੰਗ ਹੋ ਗਿਆ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਸ ਨੇ ਘਟਨਾ ਦੇ ਬਾਅਦ ਤੋਂ ਫਿਰ ਕਦੀ ਚਿਕਨ ਸੈਂਡਵਿਚ ਖਾਧਾ ਹੈ, ਉਸ ਨੇ ਕਿਹਾ, ‘‘ਮੈਂ ਨਹੀਂ ਸੋਚਦੀ ਕਿ ਮੈਂ ਫਿਰ ਕਦੇ ਚਿਕਨ ਸੈਂਡਵਿਚ ਖਾਵਾਂਗੀ।’’

ਇਸ ਲਈ ਕਹਾਣੀ ਦਾ ਸਬਕ? ਬਾਰਡਰ ’ਤੇ ਜੇਕਰ ਤੁਹਾਡੇ ਕੋਲ ਸੈਂਡਵਿਚ ਹਨ ਤਾਂ ਇਨ੍ਹਾਂ ਦਾ ਐਲਾਨ ਕਰਨਾ ਕਦੇ ਨਾ ਭੁੱਲੋ, ਨਹੀਂ ਤਾਂ ਇਹ ਤੁਹਾਨੂੰ ਬਹੁਤ ਮਹਿੰਗੇ ਪੈ ਸਕਦੇ ਹਨ।