ਮੈਲਬਰਨ: ਹੈਲਮੇਟ ਪਹਿਨਣ ਤੋਂ ਛੋਟ ਦਾ ਕਾਨੂੰਨ ਬਣਾਉਣ ਲਈ ਦੋ ਸਾਲਾਂ ਤਕ ਲਾਬਿੰਗ ਕਰਨ ਤੋਂ ਬਾਅਦ, ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਫ਼ ਆਸਟ੍ਰੇਲੀਆ ਦੀ ‘ਰਾਈਡ ਫ੍ਰੀ’ ਮੁਹਿੰਮ ਨੂੰ ਗ੍ਰੀਨਜ਼ ਸੈਨੇਟਰ ਡੇਵਿਡ ਸ਼ੋਬ੍ਰਿਜ ਅਤੇ ਐਮ.ਐਲ.ਸੀ. ਕੇਟ ਫੈਹਰਮਨ ਦਾ ਸਮਰਥਨ ਪ੍ਰਾਪਤ ਹੋਇਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ, ਕਲੱਬ ਦੇ ਸਹਿ-ਸੰਸਥਾਪਕ, ਮਵਲੀਨ ਸਿੰਘ ਧੀਰ ਨੇ ਕਿਹਾ ਕਿ ਉਹ 2021 ਤੋਂ ਹੀ ਹੈਲਮੇਟ ਤੋਂ ਛੋਟ ਲਈ ਜ਼ੋਰ ਦੇ ਰਹੇ ਹਨ। ਧੀਰ ਨੇ ਕਿਹਾ, ‘‘ਪੱਗ ਅਧਿਆਤਮਿਕਤਾ, ਪਵਿੱਤਰਤਾ, ਸਨਮਾਨ ਅਤੇ ਸਵੈ-ਮਾਣ ਦਾ ਪ੍ਰਤੀਕ ਹੈ।’’
Watch Video
ਕਲੱਬ ਨੇ 2022 ਵਿੱਚ ਲੇਬਰ ਪਾਰਟੀ ਨਾਲ ਸੰਪਰਕ ਕੀਤਾ, 2023 ਵਿੱਚ ਗ੍ਰੀਨਜ਼ ਸੈਨੇਟਰ ਡੇਵਿਡ ਸ਼ੋਬ੍ਰਿਜ ਨਾਲ ਮੁਲਾਕਾਤ ਕੀਤੀ ਅਤੇ ਇਸ ਸਾਲ NSW ਦੀ ਮੋਟਰਸਾਈਕਲ ਕੌਂਸਲ ਤੋਂ ਵੀ ਸਮਰਥਨ ਮੰਗਿਆ। ‘ਰਾਈਡ ਫ੍ਰੀ’ ਮੁਹਿੰਮ ਦੇ ਏਜੰਡੇ ਨੂੰ ਹੁਣ ਮਿਸਟਰ ਸ਼ੋਬ੍ਰਿਜ ਨਾਲ ਮੁਲਾਕਾਤ ਅਤੇ NSW ਗ੍ਰੀਨਜ਼ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਮਿਸ ਫੈਹਰਮਨ ਦੇ ਹੌਸਲੇ ਤੋਂ ਬਾਅਦ ਕੁਝ ਸਮਰਥਨ ਮਿਲਿਆ ਹੈ।
ਮਿਸ ਫੈਹਰਮਨ ਨੇ ਜਨਤਕ ਤੌਰ ’ਤੇ ਆਪਣੇ ਸਮਰਥਨ ਦਾ ਐਲਾਨ ਕਰਦਿਆਂ ਸਰਕਾਰ ਨੂੰ ਸਿੱਖ ਸਵਾਰਾਂ ਲਈ ਹੈਲਮੇਟ ਛੋਟ ਦੀਆਂ ਸੰਭਾਵਨਾਵਾਂ ਬਾਰੇ ਸਮੂਹ ਨਾਲ ਮੁਲਾਕਾਤ ਕਰਨ ਅਤੇ ਗੱਲ ਕਰਨ ਲਈ ਕਿਹਾ। ਉਨ੍ਹਾਂ ਨੇ NSW ਦੇ ਸੜਕ ਮੰਤਰੀ ਜੌਹਨ ਗ੍ਰਾਹਮ ਕੋਲ ਇਹ ਮੁੱਦਾ ਉਠਾਉਣ ਦਾ ਇੱਕ ਵੀਡੀਉ ਫੇਸਬੁੱਕ ’ਤੇ ਵੀ ਪੋਸਟ ਕੀਤਾ। ਮਿਸ ਫੈਹਰਮਨ ਨੇ ਕਿਹਾ, ‘‘ਉਹ ਛੋਟ ਦੀ ਮੰਗ ਕਰ ਰਹੇ ਹਨ, ਨਿਊਜ਼ੀਲੈਂਡ ’ਚ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਮਿਲੀ ਹੈ, ਆਸਟ੍ਰੇਲੀਆ ਦੇ ਹੋਰਨਾਂ ਸਟੇਟਸ ’ਚ ਇਹ ਛੋਟ ਹੈ, ਬਹੁਤ ਸਾਰੇ ਵਿਦੇਸ਼ੀ ਦੇਸ਼ ’ਚ ਵੀ ਹੈ, ਕੀ NSW ਇਸ ’ਤੇ ਵਿਚਾਰ ਕਰਨਗੇ?’’
ਧੀਰ ਨੇ ਕਿਹਾ, ‘‘ਅਸੀਂ ਦੂਜੇ ਦੇਸ਼ਾਂ ਵਿੱਚ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦੇਣ ਵਾਲੇ ਕਾਨੂੰਨ ਅਤੇ ਇਨ੍ਹਾਂ ਦੇਸ਼ਾਂ ਵਿੱਚ ਦੁਪਹੀਆ ਸਵਾਰਾਂ ਦੀਆਂ ਸੱਟਾਂ ਦੇ ਅੰਕੜਿਆਂ ਬਾਰੇ ਅੰਕੜੇ ਇਕੱਠੇ ਕਰ ਰਹੇ ਹਾਂ। ਅਸੀਂ ਇਹ ਅੰਕੜੇ ਅਤੇ ਸਾਡੇ ਪ੍ਰਸਤਾਵਿਤ ਬਦਲਾਅ ਪੇਸ਼ ਕਰਾਂਗੇ।’’