ਸਿੱਖ ਵਿਰਾਸਤ ਬਾਰੇ ਸਿਡਨੀ ’ਚ ਪ੍ਰਦਰਸ਼ਨੀ ਸ਼ੁਰੂ, ਆਸਟ੍ਰੇਲੀਆ ’ਚ ਸਿੱਖਾਂ ਦੇ 138 ਸਾਲਾਂ ਦੇ ਇਤਿਹਾਸ ’ਤੇ ਪਾਇਆ ਚਾਨਣਾ (Sikhs Exhibition in Sydney)

ਮੈਲਬਰਨ: ਦੋਨਾਂ ਵਿਸ਼ਵ ਯੁੱਧਾਂ ਵਿੱਚ ਸਿੱਖਾਂ ਦੇ ਯੋਗਦਾਨ, ਉਨ੍ਹਾਂ ਦੇ ਚੈਰੀਟੇਬਲ ਕੰਮਾਂ ਅਤੇ ਪੰਜਾਬੀ ਵਿਰਾਸਤ ਦੇ ਹੋਰ ਪਹਿਲੂਆਂ ਦਾ ਪ੍ਰਦਰਸ਼ਨ ਕਰਨ ਲਈ ਪੱਛਮੀ ਸਿਡਨੀ ਵਿੱਚ ਲਿਵਰਪੂਲ ਖੇਤਰੀ ਅਜਾਇਬ ਘਰ ਵਿੱਚ ਇੱਕ ਪ੍ਰਦਰਸ਼ਨੀ (Sikhs Exhibition in Sydney) ਚਲ ਰਹੀ ਹੈ। ਟਰਬਨਜ਼4ਆਸਟ੍ਰੇਲੀਆ (T4A) ਦੇ ਸੰਸਥਾਪਕ ਅਤੇ ਪ੍ਰਧਾਨ ਅਮਰ ਸਿੰਘ ਵੱਲੋਂ ਆਯੋਜਿਤ ਇਹ ਪ੍ਰਦਰਸ਼ਨੀ ਅਪ੍ਰੈਲ 2024 ਤੱਕ ਛੇ ਮਹੀਨੇ ਚੱਲੇਗੀ।

ਪ੍ਰਦਰਸ਼ਨੀ ਵਿੱਚ 1844 ਦੌਰਾਨ ਆਸਟ੍ਰੇਲੀਆ ਆਏ ਪਹਿਲੇ ਸਿੱਖਾਂ ਬਾਰੇ ਜਾਣਕਾਰੀ ਸ਼ਾਮਲ ਹੈ ਜਦੋਂ ਪਹਿਲੀ ਵਾਰ ਸਿੱਖਾਂ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਸਟ੍ਰੇਲੀਆ ਲਿਆਂਦਾ ਗਿਆ ਸੀ। ਪ੍ਰਦਰਸ਼ਨੀ ’ਚ ਤਿੰਨ ਕਮਰਿਆਂ ਵਿੱਚ 50 ਤੋਂ 60 ਡਿਸਪਲੇ ਹਨ।

ਪ੍ਰਦਰਸ਼ਨੀ ਦੀ ਸ਼ੁਰੂਆਤ ਅਮਰ ਸਿੰਘ ਨੇ ਲਿਵਰਪੂਲ ਸਿਟੀ ਕੌਂਸਲ ਨਾਲ ਸੰਪਰਕ ਕਰਨ ਤੋਂ ਬਾਅਦ ਕੀਤੀ ਸੀ ਜਦੋਂ ਉਨ੍ਹਾਂ ਨੂੰ 2023 ਵਿੱਚ ‘ਆਸਟ੍ਰੇਲੀਅਨ ਆਫ ਦਿ ਈਅਰ ਲੋਕਲ ਯੰਗ ਹੀਰੋ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਦਰਸ਼ਨੀ ਦਾ ਉਦੇਸ਼ ਭਾਰਤੀ ਅਤੇ ਪੰਜਾਬੀ ਵਿਰਸੇ, ਸਿੱਖ ਇਤਿਹਾਸ ਅਤੇ ਗੈਲੀਪੋਲੀ ਦੀ ਲੜਾਈ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਸਿੱਖ ਸੈਨਿਕਾਂ ਅਤੇ ਐਨਜ਼ੈਕਸ ਦੇ ਯੋਗਦਾਨ ਨੂੰ ਉਜਾਗਰ ਕਰਨਾ ਹੈ।

ਟਰਬਨਸ4ਆਸਟ੍ਰੇਲੀਆ ਦੀ ਟੀਮ ਅਤੇ ਲਿਵਰਪੂਲ ਸਿਟੀ ਕਾਉਂਸਿਲ ਵੱਲੋਂ ਛੇ ਮਹੀਨਿਆਂ ਦੇ ਸਮੇਂ ਦੌਰਾਨ ਤਿਆਰ ਕੀਤੀ ਗਈ ਇਸ ਪ੍ਰਦਰਸ਼ਨੀ ਵਿੱਚ ਹਥਿਆਰ, ਪਹਿਲੇ ਵਿਸ਼ਵ ਯੁੱਧ ਵਿੱਚ ਪਹਿਨਿਆ ਗਿਆ ਇੱਕ ਅਸਲੀ ਆਰਮੀ ਓਵਰਕੋਟ, ਸਾਬਕਾ ਸੈਨਿਕਾਂ ਦੇ ਮੈਡਲ ਅਤੇ ਹੋਰ ਅਸਲੀ ਸਮਾਰਕ ਸ਼ਾਮਲ ਹਨ। ਅਮਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨੀ ਆਸਟ੍ਰੇਲੀਆ ਦੇ ਸਿੱਖਾਂ, ਪੰਜਾਬੀਆਂ ਅਤੇ ਭਾਰਤੀਆਂ ਦੀ ਹੈ ਅਤੇ ਭਾਈਚਾਰੇ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ। ਅੱਜ, ਆਸਟ੍ਰੇਲੀਆ ਵਿੱਚ 210,000 ਤੋਂ ਵੱਧ ਸਿੱਖ ਹਨ, ਜੋ ਦੇਸ਼ ਦੀ ਆਬਾਦੀ ਦਾ 0.8 ਪ੍ਰਤੀਸ਼ਤ ਹਨ।

Watch Video

T4A ਵਿਖੇ ਅਮਰੀਕੀ ਰਾਜਦੂਤ ਕੈਰੋਲਿਨ ਕੈਨੇਡੀ

ਅਮਰੀਕੀ ਰਾਜਦੂਤ ਕੈਰੋਲੀਨ ਕੈਨੇਡੀ ਨੇ ਵੀ ਪਿਛਲੇ ਦਿਨੀਂ T4A ਦਾ ਦੌਰਾ ਕੀਤਾ ਸੀ ਜਿੱਥੋਂ ਹਰ ਹਫ਼ਤੇ ਲੋੜਵੰਦ ਲੋਕਾਂ ਨੂੰ ਜ਼ਰੂਰੀ ਵਸਤਾਂ ਦੇ ਹਜ਼ਾਰਾਂ ਹੈਂਪਰ ਵੰਡੇ ਜਾਂਦੇ ਹਨ। ਇਸੇ ਗਤੀਵਿਧੀ ਕਾਰਨ ਅਮਰ ਸਿੰਘ ਨੂੰ ਇਸ ਸਾਲ ‘ਆਸਟ੍ਰੇਲੀਅਨ ਆਫ ਦਿ ਈਅਰ ਅਵਾਰਡ’ ਵਿੱਚ NSW ਲੋਕਲ ਹੀਰੋ 2023 ਦਾ ਪੁਰਸਕਾਰ ਮਿਲਿਆ ਹੈ। T4A ਨੇ 2015 ਤੋਂ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਇਸ ਨੇ ਬੁਸ਼ਫਾਇਰ ਅਤੇ ਹੜ੍ਹਾਂ ਵਰਗੇ ਸੰਕਟਾਂ ਦੇ ਨਾਲ-ਨਾਲ ਰੋਜ਼ਾਨਾ ਆਧਾਰ ’ਤੇ ਜ਼ਰੂਰਤਮੰਦਾਂ ਦੀ ਮਦਦ ਲਈ ਆਸਟ੍ਰੇਲੀਆਈ ਭਾਈਚਾਰੇ ਲਈ ਕੀਮਤੀ ਯੋਗਦਾਨ ਪਾਇਆ ਹੈ। ਅੱਜ ਇਸ ਵਿੱਚ 200 ਤੋਂ ਵੱਧ ਵਾਲੰਟੀਅਰ ਵੱਖ-ਪੈਕਿੰਗ ਸਪਲਾਈ, ਆਵਾਜਾਈ, ਸੋਸ਼ਲ ਮੀਡੀਆ ਦੇ ਖੇਤਰ ’ਚ ਭੂਮਿਕਾਵਾਂ ਨਿਭਾ ਰਹੇ ਹਨ ।

Leave a Comment