ਮੈਲਬਰਨ: ਨਿਊਜ਼ੀਲੈਂਡ ਦੇ ਸ਼ਾਂਤ ਤਾਹੁਨਾਨੁਈ ਬੀਚ ’ਤੇ ਹੈਰਾਨ ਕਰਨ ਵਾਲੀ ਘਟਨਾ ’ਚ 67 ਵਰ੍ਹਿਆਂ ਦੇ ਪੰਜਾਬੀ ਮੂਲ ਦੇ ਸੈਲਾਨੀ (Punjabi Tourist) ਜਵਾਹਰ ਸਿੰਘ ’ਤੇ ਤਿੰਨ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲੱਗਾ ਹੈ। ਉਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ। ਕਥਿਤ ਘਟਨਾਵਾਂ 28 ਸਤੰਬਰ, 30 ਸਤੰਬਰ ਅਤੇ 1 ਅਕਤੂਬਰ ਨੂੰ ਸਾਹਮਣੇ ਆਈਆਂ।
ਟੂਰਿਸਟ ਵੀਜ਼ੇ ’ਤੇ ਦੇਸ਼ ਦਾ ਦੌਰਾ ਕਰਨ ਦੌਰਾਨ ਜਵਾਹਰ ਸਿੰਘ ਨੇ ਤਿੰਨ ਔਰਤਾਂ ਨਾਲ ਸੈਲਫੀ ਲਈ ਬੇਨਤੀ ਕੀਤੀ। ਸੈਲਾਨੀ ਸਮਝ ਕੇ ਔਰਤਾਂ ਨੂੰ ਉਸ ਦੀ ਇਹ ਬੇਨਤੀ ਨੁਕਸਾਨਦੇਹ ਜਾਪਦੀ ਸੀ, ਜਿਵੇਂ ਕਿ ਅਕਸਰ ਅਪਣੀਆਂ ਯਾਦਾਂ ਨੂੰ ਸਾਂਭਣ ਲਈ ਉਤਸੁਕ ਸੈਲਾਨੀ ਕਰਦੇ ਹਨ। ਹਾਲਾਂਕਿ, ਇਸ ਤੋਂ ਬਾਅਦ ਉਸ ਨੇ ਇੱਕ ਕਥਿਤ ਅਸ਼ਲੀਲ ਹਮਲਾ ਕੀਤਾ ਜਿਸ ਕਾਰਨ ਔਰਤਾਂ ਨੂੰ ਖ਼ੁਦ ਨੂੰ ਬਚਾਉਣ ਲਈ ਜਵਾਹਰ ਸਿੰਘ ਤੋਂ ਦੂਰ ਭੱਜਣਾ ਪਿਆ ਜਾਂ ਲੁਕਣਾ ਪਿਆ।
ਇੱਕ ਔਰਤ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਉਹ ਬੀਚ ਤੋਂ ਕੂੜਾ ਇਕੱਠਾ ਕਰ ਰਹੀ ਜਦੋਂ ਇੱਕ ਸੈਲਾਨੀ ਨੇ ਕਥਿਤ ਤੌਰ ’ਤੇ ਪਹਿਲਾਂ ਉਸ ਨਾਲ ‘ਸੈਲਫੀ’ ਖਿਚਵਾਉਣ ਦੀ ਮੰਗ ਕੀਤੀ। ਜਦੋਂ ਉਹ ਰਾਜ਼ੀ ਹੋ ਗਈ ਤਾਂ ਜਵਾਹਰ ਸਿੰਘ ਨੇ ਉਸ ਜੱਫੀ ’ਚ ਘੁੱਟਣ ਚੁੰਮਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਔਰਤ ਨੂੰ ਖ਼ੁਦ ਨੂੰ ਛੁਡਾ ਕੇ ਉਸ ਤੋਂ ਦੂਰ ਭੱਜਣਾ ਪਿਆ ਅਤੇ ਨੇੜਲੀਆਂ ਝਾੜੀਆਂ ਵਿੱਚ ਲੁਕ ਕੇ ਆਪਣੀ ਇੱਜ਼ਤ ਪਈ। ਉਸ ਦਾ ਪਿੱਛਾ ਕਰਦਿਆਂ ਜਵਾਹਰ ਸਿੰਘ ਨੇ ‘ਆਈ ਲਵ ਯੂ ਕੈਲੀ’ ਚੀਕਿਆ।
ਜਵਾਹਰ ਸਿੰਘ ਹੁਣ ਆਪਣੀਆਂ ਕਥਿਤ ਹਰਕਤਾਂ ਦੀ ਗੰਭੀਰਤਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ’ਤੇ 16 ਸਾਲ ਤੋਂ ਵੱਧ ਉਮਰ ਦੀ ਔਰਤ ’ਤੇ ਅਸ਼ਲੀਲ ਹਮਲਾ ਕਰਨ ਅਤੇ ਅਸ਼ਲੀਲ ਹਰਕਤ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਜੱਜ ਜੋ ਰੀਅਲੀ ਨੇ ਉਸ ਨੂੰ ਕਿਸੇ ਵੀ ਜਨਤਕ ਥਾਂ ’ਤੇ ਬਗ਼ੈਰ ਕਿਸੇ ਬਾਲਗ ਨੂੰ ਨਾਲ ਲੈ ਕੇ ਨਿਕਲਣ ’ਤੇ ਪਾਬੰਦੀ ਲਾਈ ਹੈ। ਜਵਾਹਰ ਸਿੰਘ ਨੇ ਜ਼ਮਾਨਤ ਲਈ ਪਟੀਸ਼ਨ ਨਹੀਂ ਪਾਈ ਹੈ ਅਤੇ ਇਸ ਵੇਲੇ ਰਿਮਾਂਡ ’ਤੇ ਹੈ। ਕੇਸ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ।