ਮੈਲਬਰਨ: ਇੱਕ ਸਮਾਂ ਹੁੰਦਾ ਸੀ ਜਦੋਂ ਲੋਕਾਂ ਦੇ ਚਿਹਰੇ ਬੱਚਿਆਂ ਨੂੰ ਵੇਖਦੇ ਸਾਰ ਹੀ ਖਿੜ ਉਠਦੇ ਸਨ। ਪਰ ਹੁਣ ਉਹ ਜ਼ਮਾਨਾ ਬੀਤ ਗਿਆ ਲਗਦਾ ਹੈ। ਯੂ.ਕੇ. ’ਚ ਕੁੱਝ ਲੋਕਾਂ ਨੇ ਮੰਗ ਕੀਤੀ ਹੈ ਕਿ ਹਵਾਈ ਜਹਾਜ਼ਾਂ ’ਚ ਅਜਿਹੀਆਂ ਥਾਵਾਂ ਬਣਾਈਆਂ ਜਾਣ ਜਿੱਥੇ ਬੱਚਿਆਂ ਨੂੰ ਲਿਆਉਣ ’ਤੇ ਪਾਬੰਦੀ (child free Zone) ਹੋਵੇ ਤਾਂ ਕਿ ਮੁਸਾਫ਼ਰਾਂ ਨੂੰ ਬੱਚਿਆਂ ਦੇ ਸ਼ੋਰ ਅਤੇ ਰੋਣ ਦੀਆਂ ਆਵਾਜ਼ਾਂ ਪ੍ਰੇਸ਼ਾਨ ਨਾ ਕਰਨ।
ਟਰਕੀ ਅਥਾਰਤ ਏਅਰਲਾਈਨ ਕੋਰੇਨਡਨ ਨੇ ਪਿੱਛੇ ਜਿਹੇ ਆਪਣੇ ਹਵਾਈ ਜਹਾਜ਼ਾਂ ’ਚ ‘ਸਿਰਫ਼ ਬਾਲਗਾਂ ਲਈ’ ਹਿੱਸੇ ਦੀ ਸ਼ੁਰੂਆਤ ਕਰ ਦਿੱਤੀ ਹੈ। ਕਈ ਲੋਕਾਂ ਨੇ ਅਜਿਹੇ ਕਦਮਾਂ ਦਾ ਸਵਾਗਤ ਵੀ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਹਵਾਈ ਸਫ਼ਰ ਦੌਰਾਨ ਬੱਚਿਆਂ ਤੋਂ ਦੂਰ ਰਹਿਣ ਲਈ ਵਾਧੂ ਰਕਮ ਵੀ ਅਦਾ ਕਰਨ ਲਈ ਤਿਆਰ ਹਨ।
ਹਾਲਾਂਕਿ ਸੋਸ਼ਲ ਮੀਡੀਆ ਮੰਚ X ’ਤੇ ਹਵਾਈ ਜਹਾਜ਼ ’ਤੇ ਕੁੱਝ ਥਾਵਾਂ ਤੋਂ ਬੱਚਿਆਂ ਨੂੰ ਦੂਰ ਰੱਖਣ ਬਾਰੇ ਵਿਵਾਦ ਛਿੜ ਗਿਆ ਹੈ। ਇੱਕ ਵਿਅਕਤੀ ਨੇ ਲਿਖਿਆ ਹੈ, ‘‘ਬਹੁਤ ਨਿਰਾਸ਼ਾਜਨਕ ਗੱਲ ਹੈ ਕਿ ਹੁਣ ਲੋਕਾਂ ਕੋਲ ਬੱਚਿਆਂ ਪ੍ਰਤੀ ਕਿੰਨੀ ਘੱਟ ਸਹਿਣਸ਼ੀਲਤਾ ਰਹਿ ਗਈ ਹੈ।’’ ਇੱਕ ਹੋਰ ਵਿਅਕਤੀ ਨੇ ਕਿਹਾ, ‘‘ਆਮ ਤੌਰ ’ਤੇ ਮੈਂ ਵੇਖਿਆ ਹੈ ਕਿ ਹੁਣ ਲੋਕ ਪਹਿਲਾਂ ਮੁਕਾਬਲੇ ਜਨਤਕ ਥਾਵਾਂ ’ਤੇ ਬੱਚਿਆਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਦਿਸਦੇ ਹਨ। ਪਹਿਲਾਂ ਲੋਕ ਬੱਚਿਆਂ ਨੂੰ ਵੇਖਦਿਆਂ ਹੀ ਮੁਸਕੁਰਾ ਦਿੰਦੇ ਸਨ ਪਰ ਹੁਣ ਇਹ ਹੌਲੀ-ਹੌਲੀ ਬਦਲਦਾ ਜਾ ਰਿਹਾ ਹੈ। ਬਹੁਤ ਅਜੀਬ ਅਤੇ ਨਿਰਾਸ਼ਾਜਨਕ ਗੱਲ ਹੈ।’’
ਇਸ ‘child free Zone’ ਤੋਂ ਸ਼ੁਰੂ ਹੋਈ ਬਹਿਸ
ਕੋਰੇਨਡਨ ਅਨੁਸਾਰ ਸਿਰਫ਼ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਉਸ ਦੇ ਹਵਾਈ ਜਹਾਜ਼ਾਂ ’ਚ ਅਗਲੇ ਪਾਸੇ ਵਾਲੀ ਥਾਂ ’ਚ 9 ‘XL’ ਸੀਟਾਂ ਹੋਣਗੀਆਂ ਜਿਸ ’ਚੋਂ ਹਰ ਸੀਟ ਦੀ ਕੀਮਤ 86 ਪਾਊਂਡ ਹੋਵੇਗੀ। ਇਨ੍ਹਾਂ ਸੀਟਾਂ ’ਤੇ ਲੱਤਾਂ ਪਸਾਰਨ ਲਈ ਵੱਧ ਥਾਂ ਹੋਵੇਗੀ। ਜਦਕਿ ਆਮ ਸੀਟਾਂ ਦੀ ਗਿਣਤੀ 93 ਹੋਵੇਗੀ ਜਿਨ੍ਹਾਂ ਦੀ ਟਿਕਟ 38 ਪਾਊਂਡ (70 ਡਾਲਰ) ਹੋਵੇਗੀ।
ਇਹ ਫ਼ਲਾਈਟ ਨੀਦਰਲੈਂਡ ਦੇ ਐਮਸਟਰਡਮ ਅਤੇ ਕੁਰਾਕੋ ਦੇ ਕੈਰੀਬੀਅਨ ਟਾਪੂ ਵਿਚਾਲੇ ਚੱਲੇਗੀ। ਇਸ ਨੂੰ ਹਵਾਈ ਜਹਾਜ਼ ਦੇ ਹੋਰਨਾਂ ਹਿੱਸਿਆਂ ਦੇ ਸ਼ੋਰ ਤੋਂ ਤੋਂ ਵੱਖ ਕਰਨ ਲਈ ਕੰਧਾਂ ਅਤੇ ਪਰਦੇ ਲਗਾਏ ਗਏ ਹਨ। ਕੁੱਝ ਲੋਕਾਂ ਨੇ ਡਰ ਪ੍ਰਗਟਾਇਆ ਹੈ ਕਿ ਇਸ ਨੂੰ ਹੋਰਨਾਂ ਉਡਾਨਾਂ ’ਚ ਵੀ ਲਾਗੂ ਕੀਤਾ ਜਾ ਸਕਦਾ ਹੈ।