ਮੈਲਬਰਨ: ਵਿਕਟੋਰੀਆ ਦੇ Daylesford ਦੀ ਇੱਕ ਮਸ਼ਹੂਰ ਪੱਬ ’ਚ ਅਚਾਨਕ ਤੇਜ਼ ਰਫ਼ਤਾਰ ਕਾਰ ਦੇ ਟਕਰਾ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ (Car crash) ਐਤਵਾਰ ਸ਼ਾਮ 6 ਵਜੇ ਤੋਂ ਬਾਅਦ ਵਾਪਰੀ ਜਦੋਂ ਇੱਕ ਚਿੱਟੇ ਰੰਗ ਦੀ BMW SUV ਐਲਬਰਟ ਸਟ੍ਰੀਟ ’ਤੇ ਸਥਿਤ ਰੌਇਲ ਹੋਟਲ ਦੇ ਬੀਅਰ ਗਾਰਡਨ ਵਿੱਚ ਵੜ ਗਈ ਅਤੇ ਉੱਥੇ ਬੈਠੇ ਲੋਕਾਂ ਨੂੰ ਟੱਕਰ ਮਾਰ ਦਿੱਤੀ।
ਪੀੜਤਾਂ ਵਿੱਚ ਦੋ ਬੰਦੇ, ਇੱਕ ਔਰਤ, ਇੱਕ ਛੇ ਸਾਲ ਦਾ ਮੁੰਡਾ ਅਤੇ ਇੱਕ ਨਾਬਾਲਗ ਕੁੜੀ ਸ਼ਾਮਲ ਹਨ। ਸੱਤ ਹੋਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਹੈ। 66 ਸਾਲਾਂ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਭਰਤੀ ਕੀਤਾ ਗਿਆ।
ਪੁਲਿਸ ਹਾਦਸੇ ਦੇ ਹਾਲਾਤ ਦੀ ਜਾਂਚ ਕਰ ਰਹੀ ਹੈ ਅਤੇ ਇਹ ਨਹੀਂ ਮੰਨਦੀ ਕਿ ਰਫ਼ਤਾਰ ਇਸ ਹਾਦਸੇ ਦਾ ਕਾਰਨ ਸੀ। ਹਾਦਸੇ ਦੇ ਚਸ਼ਮਦੀਦਾਂ ਅਤੇ ਡੈਸ਼ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਕਾਰ ਪਹਿਲਾਂ ਹੌਲੀ ਸੀ ਪਰ ਅਚਾਨਕ ਉਸ ਨੇ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਅਤੇ ਸ਼ਾਮ ਸਮੇਂ ਛੁੱਟੀ ਅਤੇ ਚੰਗੇ ਮੌਸਮ ਦਾ ਆਨੰਦ ਮਾਣ ਰਹੇ ਲੋਕਾਂ ’ਤੇ ਚੜ੍ਹ ਗਈ।