ਮੈਲਬਰਨ: Queensland ’ਚ ਵੋਟਾਂ ਪੈਣ ਵਾਲੇ ਦਿਨ ਤੋਂ ਇੱਕ ਸਾਲ ਪਹਿਲਾਂ ਹੀ ਚੋਣ ਪ੍ਰਚਾਰ ਭਖ ਗਿਆ ਹੈ। ਆਸਟ੍ਰੇਲੀਆ ’ਚ ਸਭ ਤੋਂ ਲੰਮੇ ਸਮੇਂ ਤਕ ਪ੍ਰੀਮੀਅਰ ਰਹਿਣ ਵਾਲੀ ਅਨਾਸਤਾਸੀਆ ਪਲਾਸਜ਼ੁਕ ਅਗਲੇ ਸਾਲ 26 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਚੌਥੀ ਵਾਰ ਚੋਣ ਲੜਨਗੇ। ਪਲਾਸਜ਼ਕਜ਼ੁਕ ਨੇ ਆਪਣੀ ਸਰਕਾਰ ਦੇ ਏਜੰਡੇ ਦਾ ਪ੍ਰਚਾਰ ਕਰਨ ਲਈ ਇੱਕ ਚੋਣ ਪ੍ਰਚਾਰ ਮੁਹਿੰਮ ਵਰਗੀ ਵੀਡੀਓ ਵੀ ਜਾਰੀ ਕਰ ਦਿਤੀ ਹੈ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਡੇਵਿਡ ਕ੍ਰਿਸਾਫੁੱਲੀ ਨੇ ਵੀ LNP ਦੀਆਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦਾ ਕਿਤਾਬਚਾ (brochure) ਜਾਰੀ ਕੀਤਾ, ਜਿਸ ’ਚ ਕਮਿਊਨਿਟੀਜ਼ ਦੀ ਸੁਰੱਖਿਆ, ਸਿਹਤ ਸੰਭਾਲ ਤੱਕ ਆਸਾਨ ਪਹੁੰਚ, ਅਤੇ ਸੁਰੱਖਿਅਤ ਰਿਹਾਇਸ਼ ਨੂੰ ਤਰਜੀਹਾਂ ਦੇ ਰੂਪ ਵਿੱਚ ਗਿਣਾਇਆ ਗਿਆ ਹੈ। ਉਨ੍ਹਾਂ ਨੇ ਆਪਣੀ ਸਰਕਾਰ ਬਣਨ ’ਤੇ ਘਰ ਦੀ ਮਾਲਕੀ ਬਾਰੇ ਵੀ ਇੱਕ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ।
ਜਦਕਿ ਪਲਾਸਜ਼ੁਕ ਨੇ ਵਿਰੋਧੀ ਧਿਰ ਦੇ ਬਲੂਪ੍ਰਿੰਟ ਦੀ ਆਲੋਚਨਾ ਕੀਤੀ ਹੈ ਅਤੇ ਦਾਅਵਾ ਕੀਤਾ ਕਿ ਇਸ ਦੀਆਂ ‘ਗਲਤ ਤਰਜੀਹਾਂ’ ਹਨ ਅਤੇ ਉਨ੍ਹਾਂ ਨੇ ਵਿਰੋਧੀ ਧਿਰ ਦੀ ਯੋਜਨਾ ਵਿੱਚ Queensland ਊਰਜਾ ਅਤੇ ਨੌਕਰੀਆਂ ਦੀ ਯੋਜਨਾ ਲਈ ਸਮਰਥਨ, ਬਿਜਲੀ ਸੰਪਤੀਆਂ ਨੂੰ ਜਨਤਕ ਹੱਥਾਂ ਵਿੱਚ ਰੱਖਣ ਦੀ ਵਚਨਬੱਧਤਾ, ਅਤੇ ਕੁਈਨਜ਼ਲੈਂਡ ਵਾਸੀਆਂ ਲਈ ਰਹਿਣ-ਸਹਿਣ ਦੀਆਂ ਛੋਟਾਂ ਨੂੰ ਕਾਇਮ ਰੱਖਣ ਵਰਗੀਆਂ ਗੱਲਾਂ ਦੀ ਅਣਹੋਂਦ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੁਈਨਜ਼ਲੈਂਡ ਦਾ ਭਵਿੱਖ ਰੌਸ਼ਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਆਓ ਇਸ ਸਫ਼ਰ ਨੂੰ ਜਾਰੀ ਰੱਖੀਏ, ਅਸੀਂ ਆਉਣ ਵਾਲੇ ਸਮੇਂ ਨੂੰ ਹੋਰ ਬਿਹਤਰ ਬਣਾਵਾਂਗੇ।’’
ACT ਦੇ ਮੁੱਖ ਮੰਤਰੀ ਐਂਡਰਿਊ ਬਾਰ ਸਮੇਤ ਪਲਾਸਜ਼ੁਕ ਵੀ ਕੋਵਿਡ-ਦੌਰ ਦੇ ਆਖ਼ਰੀ ਨੇਤਾਵਾਂ ’ਚੋਂ ਇੱਕ ਹਨ ਜੋ ਅਜੇ ਵੀ ਦਫਤਰ ਵਿੱਚ ਹਨ। ਪਲਾਸਜ਼ੁਕ ਨੇ ਆਪਣੀ ਸਰਕਾਰ ਵਿਰੁਧ ਨਕਾਰਾਤਮਕ ਸਰਵੇਖਣਾਂ ਦੀ ਇੱਕ ਲੜੀ ਦੇ ਮੱਦੇਨਜ਼ਰ ਹਾਲ ਹੀ ਵਿੱਚ ਲੀਡਰਸ਼ਿਪ ’ਚ ਬਦਲਾਅ ਦੇ ਅੰਦਾਜ਼ਿਆਂ ਨੂੰ ਖਤਮ ਕਰਨ ਤੋਂ ਬਾਅਦ ਇਹ ਵੀਡੀਉ ਪੋਸਟ ਕੀਤਾ।
ਕ੍ਰਿਸਾਫੁੱਲੀ, ਜਿਸ ਨੇ ਲਗਭਗ ਤਿੰਨ ਸਾਲ ਪਹਿਲਾਂ LNP ਲੀਡਰ ਵਜੋਂ ਅਹੁਦਾ ਸੰਭਾਲਿਆ ਸੀ, ਨੇ ਕਿਹਾ ਕਿ ਕੁਈਨਜ਼ਲੈਂਡਰ ਤਬਦੀਲੀ ਲਈ ਬੇਤਾਬ ਹਨ। ਕ੍ਰਿਸਾਫੁੱਲੀ ਨੇ ਕਿਹਾ ਕਿ ਵਪਾਰ ਅਤੇ ਨਿਵੇਸ਼ ਦੇ ਬੁਲਾਰੇ ਡੇਵਿਡ ਜੈਨੇਟਜ਼ਕੀ ਘਰ ਦੀ ਮਾਲਕੀ ਲਈ ਸਟੇਟ ਦੇ ਪਹਿਲੇ ਮੰਤਰੀ ਬਣ ਜਾਣਗੇ ਜੇਕਰ LNP ਚੋਣ ਜਿੱਤਦਾ ਹੈ। ਉਨ੍ਹਾਂ ਕਿਹਾ, ‘‘ਇੱਕ ਘਰ ਦਾ ਮਾਲਕ ਹੋਣ ਦਾ ਮਹਾਨ ਆਸਟ੍ਰੇਲੀਅਨ ਸੁਪਨਾ ਬਹੁਤ ਸਾਰੇ ਕੁਈਨਜ਼ਲੈਂਡਰਾਂ ਲਈ ਦੂਰ ਦੀ ਕੌੜੀ ਬਣ ਗਿਆ ਹੈ – ਅਸੀਂ ਇਸ ਸਥਿਤੀ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ।’’