ਇੱਕ ਹੋਰ ਚਾਈਲਡਕੇਅਰ ਸੈਂਟਰ (Childcare Centre) ਦੇ ਸਟਾਫ਼ ਦੀ ਅਣਗਹਿਲੀ ਸਾਹਮਣੇ ਆਈ, ਵਾਲ-ਵਾਲ ਬਚੀ ਬੱਚੇ ਦੀ ਜਾਨ

ਮੈਲਬਰਨ: ਇੱਕ ਚਾਈਲਡਕੇਅਰ ਸੈਂਟਰ (Childcare Centre) ਦੀ ਪ੍ਰੇਸ਼ਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਇਕੱਲਾ ਬੱਚਾ ਸੜਕ ’ਤੇ ਇੱਕ ਟਰੱਕ ਨਾਲ ਟਕਰਾਉਣ ਤੋਂ ਵਾਲ-ਵਾਲ ਬਚਿਆ। ਬੀਤੇ ਸ਼ੁੱਕਰਵਾਰ ਵਾਪਰੀ ਘਟਨਾ ਮੈਲਬੌਰਨ ਦੇ ‘ਦ ਗਰੋਵ ਚਿਲਡਰਨ ਸੈਂਟਰ’ ਦੀ ਹੈ ਜਦੋਂ ਕੋਬਰਗ ’ਚ ਬੱਚਿਆਂ ਨੂੰ ਪਾਰਕ ਦੀ ਸੈਰ ਲਈ ਲਿਜਾਇਆ ਗਿਆ ਸੀ। ਵਾਪਸ ਮੁੜਨ ਦੌਰਾਨ ਇੱਕ ਬੱਚਾ ਪਿੱਛੇ ਹੀ ਰਹਿ ਗਿਆ। ਇਹ ਬੱਚਾ ਕਈ ਮਿੰਟਾਂ ਤੱਕ ਸੜਕਾਂ ’ਤੇ ਇਕੱਲਾ ਘੁੰਮਦਾ ਰਿਹਾ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਬੱਚਾ ਇੱਕ ਗਲੀ ’ਚੋਂ ਭੱਜਦਾ ਹੋਇਆ ਅਤੇ ਸੜਕ ਵਲ ਜਾ ਰਿਹਾ ਹੈ ਜਦੋਂ ਉਸ ਸਾਹਮਣਿਉਂ ਇੱਕ ਟਰੱਕ ਲੰਘਦਾ ਹੈ। ਰੋ ਰਹੇ ਬੱਚੇ ਨੂੰ ਉਥੋਂ ਲੰਘਦੀ ਇੱਕ ਔਰਤ ਨੇ ਫੜਿਆ ਅਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਚਾਈਲਡ ਕੇਅਰ ਸੈਂਟਰ ਦੇ ਇੱਕ ਸਟਾਫ ਮੈਂਬਰ ਨੂੰ ਵੱਖਰੀ ਫੁਟੇਜ ਵਿੱਚ ਦੇਖਿਆ ਗਿਆ ਸੀ, ਜੋ ਉਸੇ ਗਲੀ ਤੋਂ ਦੌੜਦੀ ਹੋਈ ਆਈ ਅਤੇ ਉਸ ਔਰਤ ਤੋਂ ਬੱਚੇ ਨੂੰ ਲੈ ਲਿਆ।

ਘਟਨਾ ਨੂੰ ਚਾਈਲਡ ਕੇਅਰ ਸੈਂਟਰ ਨੇ ‘ਬਹੁਤ ਦੁਖਦਾਈ’ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਇਸ ਦੀ ਜਾਂਚ ਕਰ ਰਹੀ ਹੈ। ਸੈਂਟਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਬੱਚਿਆਂ ਦੀ ਭਲਾਈ ਉਨ੍ਹਾਂ ਦੀ ਸਰਵਉੱਚ ਤਰਜੀਹ ਹੈ। ਜਦਕਿ ਘਟਨਾ ਨੂੰ ਦੇਖਣ ਵਾਲੇ ਨਿਵਾਸੀਆਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ, ਦੇਖਭਾਲ ਦੌਰਾਨ ਹਰੇਕ ਬੱਚੇ ਦੇ ਠਿਕਾਣੇ ਨੂੰ ਜਾਣਨ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਪਹਿਲਾਂ ਵੀ Childcare Centre ’ਚ ਵਾਪਰ ਚੁਕੀਆਂ ਹਨ ਅਜਿਹੀਆਂ ਘਟਨਾਵਾਂ

ਪਿਛਲੇ ਸਾਲ ਜੁਲਾਈ ’ਚ ਵੀ ਅਜਿਹੀ ਇਕ ਘਟਨਾ ਸਾਹਮਣੇ ਆਈ ਸੀ ਜਦੋਂ ਮੈਲਬਰਨ ਵਿੱਚ ਹੀ ਇੱਕ ਮੁੰਡੇ ਨੂੰ ਦੋ ਘੰਟਿਆਂ ਤੱਕ ਬਿਨਾਂ ਨਿਗਰਾਨੀ ਛੱਡ ਦਿਤਾ ਗਿਆ। ਬੱਚਾ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਡਿੰਗਲੇ ਵਿਲੇਜ ਪ੍ਰਾਇਮਰੀ ਵਿਖੇ ਟੀਮ ਕਿਡਜ਼ ਦੁਆਰਾ ਚਲਾਏ ਗਏ ਇੱਕ ਪ੍ਰੋਗਰਾਮ ਵਿੱਚ ਸੀ। ਸੱਤ ਸਾਲ ਦਾ ਵਿਲੀਅਮ 40 ਬੱਚਿਆਂ ਵਿੱਚੋਂ ਇੱਕ ਸੀ ਜੋ ਪਿਕਨਿਕ ਲਈ ਰਵਾਨਾ ਹੋ ਰਿਹਾ ਸੀ। ਪਰ ਬੱਸ ਵਿਲੀਅਮ ਨੂੰ ਚੜ੍ਹਾਏ ਬਗ਼ੈਰ ਹੀ ਚੱਲ ਪਈ, ਜੋ ਇਕੱਲਾ ਰਹਿ ਗਿਆ ਸੀ। ਵਿਲੀਅਮ ਦੀ ਨੌਂ ਸਾਲ ਦੀ ਭੈਣ ਨੇ ਉਸ ਦੇ ਲਾਪਤਾ ਹੋਣ ਦਾ ਰੌਲਾ ਪਾਇਆ ਤਾਂ ਜਾ ਕੇ ਸਟਾਫ ਮੈਂਬਰਾਂ ਨੂੰ ਉਸ ਦਾ ਪਤਾ ਲੱਗਾ।

Childcare Centre ਬਾਰੇ ਸਰਵੇ ’ਚ ਦਿਸੀ ਸਟਾਫ਼ ਦੀ ਕਮੀ

ਤਾਜ਼ਾ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਮਹੀਨੇ ਹੀ 1,000 ਚਾਈਡਕੇਅਰ ਸੈਂਟਰਾਂ ਅਤੇ ਸਟਾਫ਼ ਮੈਂਬਰਾਂ ਵਿਚਕਾਰ ਕਰਵਾਏ ਗਏ ਅਤੇ ਇੱਕ ਸਰਵੇ ਅਨੁਸਾਰ ਇਨ੍ਹਾਂ ਸੈਂਟਰਾਂ ’ਚੋਂ 90% ਤੋਂ ਵੱਧ ਕੋਲ ਬੱਚਿਆਂ ਦੀ ਦੇਖਭਾਲ ਲਈ ਸਟਾਫ਼ ਦੀ ਕਮੀ ਹੈ। ਮਾਹਿਰਾਂ ਅਤੇ ਸਿੱਖਿਅਕਾਂ ਦਾ ਦਾਅਵਾ ਹੈ ਕਿ ਸੰਕਟ ਦੇ ਨਤੀਜੇ ਵਜੋਂ ਅਸਥਾਈ ਕਰਮਚਾਰੀਆਂ ਵਿੱਚ ਵਾਧਾ ਹੋਇਆ ਹੈ ਜੋ ਬੱਚਿਆਂ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਯੋਗ ਨਹੀਂ ਹੁੰਦੇ ਅਤੇ ‘ਨੌਕਰੀ ਦੌਰਾਨ ਹੀ ਇਹ ਕੰਮ ਸਿਖਦੇ’ ਹਨ। ਦੇਸ਼ ਭਰ ਵਿੱਚ ਲਗਭਗ 10% ਚਾਈਲਡਕੇਅਰ ਸਹੂਲਤਾਂ ਇੱਕ ਰੈਗੂਲੇਟਰ ਛੋਟ ਦੇ ਅਧੀਨ ਚੱਲ ਰਹੀਆਂ ਹਨ, ਜਿਸ ਦਾ ਮਤਲਬ ਹੈ ਕਿ ਅਧਿਆਪਕ-ਤੋਂ-ਬੱਚੇ ਅਨੁਪਾਤ ਦੇ ਨਿਯਮ ਦੀ ਘੱਟ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਸਰਵੇ ’ਤੇ ਟਿਪਣੀ ਕਰਦਿਆਂ ਮੈਲਬੌਰਨ ਵਿੱਚ ਇੱਕ ਸਿੱਖਿਅਕ ਐਨੀ ਮੋਕ ਨੇ ਕਿਹਾ ਸੀ ਕਿ ਤਜਰਬੇਕਾਰ ਕਰਮਚਾਰੀਆਂ ਦੀ ਘਾਟ ਕਿਸੇ ਸਮੇਂ ਇੱਕ ਗੰਭੀਰ ਘਟਨਾ ਦਾ ਕਾਰਨ ਬਣੇਗੀ। ਮੋਕ ਦੇ ਅਨੁਸਾਰ, ਇਹ ਯਕੀਨੀ ਤੌਰ ’ਤੇ ਬੱਚਿਆਂ ਦੀ ਸੁਰੱਖਿਆ ’ਤੇ ਬੁਰਾ ਅਸਰ ਪਾਉਂਦਾ ਹੈ।

Leave a Comment