ਮੈਲਬਰਨ: ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਵੱਲੋਂ 2023 ਦੀਆਂ ਆਮ ਚੋਣਾਂ ਦੇ ਅੰਤਿਮ ਨਤੀਜਿਆਂ ਦੇ ਐਲਾਨ ਦੇ ਨਾਲ ਹੀ, ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਨੈਸ਼ਨਲ ਪਾਰਟੀ, ਜੋ ਕਿ ACT ਅਤੇ ਨਿਊਜ਼ੀਲੈਂਡ ਫਸਟ ਦੇ ਸਮਰਥਨ ਨਾਲ ਅਗਲੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ, ਲਗਾਤਾਰ ਦੂਜੀ ਮਿਆਦ ਲਈ ਕਿਸੇ ਵੀ ਭਾਰਤੀ ਸੰਸਦ ਮੈਂਬਰ ਨੂੰ ਨਿਊਜ਼ੀਲੈਂਡ ਦੀ ਸੰਸਦ (New Zealand Parliament) ਵਿੱਚ ਨਹੀਂ ਭੇਜ ਰਹੀ ਹੈ। ਹਾਲਾਂਕਿ ਨੈਸ਼ਨਲ ਨੇ ਚੋਣ ਲੜਨ ਲਈ ਭਾਰਤੀ ਮੂਲ ਦੇ ਪੰਜ ਉਮੀਦਵਾਰਾਂ ਨੂੰ ਖੜਾ ਕੀਤਾ ਸੀ, ਪਰ ਸਾਰੇ ਆਪੋ-ਆਪਣੀਆਂ ਚੋਣ ਸੀਟਾਂ ਜਿੱਤਣ ’ਚ ਨਾਕਾਮਯਾਬ ਰਹੇ।
ਲੇਬਰ ਤੋਂ 2020 ਦੀਆਂ ਚੋਣਾਂ ਹਾਰਨ ਤੋਂ ਪਹਿਲਾਂ, ਨੈਸ਼ਨਲ ਦੇ ਦੋ ਭਾਰਤੀ ਮੂਲ ਦੇ ਸੰਸਦ ਮੈਂਬਰ ਸਨ: ਕੰਵਲਜੀਤ ਸਿੰਘ ਬਖਸ਼ੀ (2008-20) ਅਤੇ ਪਰਮਜੀਤ ਪਰਮਾਰ (2014-20)। ਪਰਮਾਰ ਉਦੋਂ ਪਾਰਟੀ ਬਦਲ ਕੇ ACT ਵਿੱਚ ਆ ਗਈ ਸੀ ਅਤੇ 2023 ਦੀਆਂ ਚੋਣਾਂ ਵਿੱਚ ਉਸ ਨੂੰ ਪਾਰਟੀ ਦੀ ਸੂਚੀ ਵਿੱਚ 9 ਨੰਬਰ ’ਤੇ ਰੱਖਿਆ ਗਿਆ ਸੀ। ACT ਦੇ ਹੁਣ 11 ਸੰਸਦ ਮੈਂਬਰ ਹਨ ਅਤੇ ਪਰਮਾਰ ਇੱਕ ਸੰਸਦ ਮੈਂਬਰ ਵਜੋਂ ਆਪਣਾ ਤੀਜਾ ਕਾਰਜਕਾਲ ਸ਼ੁਰੂ ਕਰਨ ਲਈ ਤਿਆਰ ਹੈ।
ਇਸ ਸੰਸਦੀ ਕਾਰਜਕਾਲ ਵਿੱਚ ਭਾਰਤੀ ਨੁਮਾਇੰਦਗੀ ਸਿਰਫ਼ ਇੱਕ ਹੋਰ ਭਾਰਤੀ ਮੂਲ ਦੀ ਸੰਸਦ ਮੈਂਬਰ ਲੇਬਰ ਤੋਂ ਪ੍ਰਿਅੰਕਾ ਰਾਧਾਕ੍ਰਿਸ਼ਨਨ ਹੈ, ਜੋ 2017 ਤੋਂ ਐਮ.ਪੀ. ਹੈ। ਭਾਵੇਂ ਉਹ ਮੌਂਗਕੀਕੀ ਦੀ ਚੋਣ ਨੈਸ਼ਨਲ ਤੋਂ ਹਾਰ ਗਈ, ਪਰ ਉਹ ਸੂਚੀ ਵਿੱਚ 15 ਦੀ ਦਰਜਾਬੰਦੀ ਦੇ ਕਾਰਨ ਸੰਸਦ ਮੈਂਬਰ ਬਣੀ ਹੋਈ ਹੈ।
ਹਾਲਾਂਕਿ ਬਣਨ ਜਾ ਰਹੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤੀ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਉਣ ਵਾਲੇ ਸਮੇਂ ’ਚ ਸੰਸਦ ਅੰਦਰ ਕਿਸੇ ਭਾਰਤੀ ਮੂਲ ਦੇ ਵਿਅਕਤੀ ਨੂੰ ਪ੍ਰਤੀਨਿਧਗੀ ਦੇਣਗੇ। ਉਨ੍ਹਾਂ ਕਿਹਾ, ‘‘ਸਾਡੇ ਕੋਲ ਇਸ ਵਾਰ ਭਾਰਤੀ ਭਾਈਚਾਰੇ ਦੇ ਲਗਭਗ ਛੇ ਉਮੀਦਵਾਰ ਸਨ ਅਤੇ ਉਨ੍ਹਾਂ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਚੋਣ ਲੜੀ। ਮੈਨੂੰ ਬਹੁਤ, ਬਹੁਤ ਭਰੋਸਾ ਹੈ ਅਤੇ ਉਮੀਦ ਹੈ ਕਿ ਸਾਡੀ ਸੰਸਦ ਵਿੱਚ ਸਮੇਂ ਸਿਰ ਭਾਰਤੀ ਪ੍ਰਤੀਨਿਧਤਾ ਹੋਵੇਗੀ।’’