ਵੱਡੇ ਸ਼ਹਿਰਾਂ ਤੋਂ ਨੌਜੁਆਨਾਂ ਦਾ ਹੋਇਆ ਮੋਹਭੰਗ, ਜਾਣੋ ਕੀ ਹੈ Internal Migration ਦਾ ਕਾਰਨ

ਮੈਲਬਰਨ: ਰੀਜਨਲ ਮੂਵਰਸ ਇੰਡੈਕਸ ਦੀ ਰਿਪੋਰਟ ਦਰਸਾਉਂਦੀ ਹੈ ਕਿ ਨੌਜੁਆਨਾਂ ਵਲੋਂ ਵੱਡੇ ਸ਼ਹਿਰਾਂ ਨੂੰ ਛੱਡ ਕੇ ਜਾਣ ਦੀ ਗਿਣਤੀ ਵਧ ਰਹੀ ਹੈ। ਇਸ ਦਾ ਕਾਰਨ ਰਹਿਣ ਦੀਆਂ ਲਾਗਤਾਂ ’ਚ ਵਾਧਾ ਹੈ। ਰਿਪੋਰਟ ’ਚ ਕਾਮਨਵੈਲਥ ਬੈਂਕ ਦੇ ਗ੍ਰਾਹਕਾਂ ਵੱਲੋਂ ਪਤਾ ਬਦਲਣ ਦੀ ਸਮੀਖਿਆ ਕੀਤੀ ਗਈ ਹੈ ਜਿਸ ਤੋਂ ਪਤਾ ਲਗਿਆ ਹੈ ਕਿ ਮਹਾਂਮਾਰੀ ਦੇ ਸਮੇਂ ਦੌਰਾਨ ਵਾਂਗ ਵੱਧ ਤੋਂ ਵੱਧ ਨੌਜੁਆਨ ਸ਼ਹਿਰਾਂ ਨੂੰ ਛੱਡ ਕੇ ਰੀਜਨਸ ’ਚ ਵਸ ਰਹੇ ਹਨ। ਸਤੰਬਰ 2023 ਨੂੰ ਖ਼ਤਮ ਹੋਏ 12 ਮਹੀਨਿਆਂ ਦੇ ਅੰਕੜਿਆਂ ਦਾ ਮੁਕਾਬਲਾ ਉਸ ਤੋਂ ਪਹਿਲਾਂ ਖ਼ਤਮ ਹੋਏ 12 ਮਹੀਨਿਆਂ ਨਾਲ ਕੀਤਾ ਗਿਆ ਹੈ।

ਰਿਪੋਰਟ ’ਚ ਇਸ ਨੂੰ ਅੰਦਰੂਨੀ ਪ੍ਰਵਾਸ (Internal Migration) ਕਿਹਾ ਗਿਆ ਹੈ ਜਿਸ ਦਾ ਮਤਲਬ ਹੈ ਇਕ ਹੀ ਦੇਸ਼ ਨਾਗਰਿਕਾਂ ਦਾ ਇਕ ਥਾਂ ਤੋਂ ਦੂਜੇ ਥਾਂ ਜਾ ਕੇ ਵਸਣਾ (ਇਸ ’ਚ ਦੇਸ਼ ਬਾਹਰੋਂ ਆਏ ਪ੍ਰਵਾਸੀ ਜਾਂ ਜਨਮ ਜਾਂ ਮੌਤ ਕਾਰਨ ਆਈ ਵੱਸੋਂ ਦੀ ਤਬਦੀਲੀ ਸ਼ਾਮਲ ਨਹੀਂ ਹੁੰਦੀ)। ਇਸ ’ਚ ਪਾਇਆ ਗਿਆ ਕਿ ਰਾਜਧਾਨੀ-ਤੋਂ-ਰੀਜਨਲ ਪ੍ਰਵਾਸ ਦਾ ਕੁਲ ਪ੍ਰਵਾਸ ’ਚ ਹਿੱਸਾ 11% ਸੀ, ਜਦਕਿ 9.1% ਲੋਕ ਇਸ ਤੋਂ ਉਲਟ ਦਿਸ਼ਾ ’ਚ ਗਏ।

Internal Migration ਅਪਨਾਉਣ ਵਾਲੇ ਲੋਕਾਂ ਦੀਆਂ ਪਸੰਦੀਦਾ ਥਾਵਾਂ:

ਸਨਸ਼ਾਈਨ ਕੋਸਟ, ਕੁਈਨਜ਼ਲੈਂਡ: 16.7%
ਗ੍ਰੇਟਰ ਗੀਲੋਂਗ, ਵਿਕਟੋਰੀਆ : 8.3%
ਗੋਲਡ ਕੋਸਟ, ਕੁਈਨਜ਼ਲੈਂਡ : 8.3%
ਫਰੇਜ਼ਰ ਕੋਸਟ, ਕੁਈਨਜ਼ਲੈਂਡ : 6.5%
ਮੂਰਾਬੂਲ, ਵਿਕਟੋਰੀਆ : 5.8%

ਰਾਜਧਾਨੀ ਸ਼ਹਿਰਾਂ ਤੋਂ ਰੀਜਨ ਵਲ ਜਾਣ ਵਾਲੇ ਲੋਕਾਂ ਲਈ ਰੀਜਨਲ ਨਿਊ ਸਾਊਥ ਵੇਲਜ਼ ਅੰਦਰੂਨੀ ਪ੍ਰਵਾਸ ਦੀ ਸਭ ਤੋਂ ਮਨਪਸੰਦ ਥਾਂ ਰਿਹਾ ਜਿਸ ਨੇ 39% ਅਜਿਹੇ ਲੋਕਾਂ ਨੂੰ ਆਕਰਸ਼ਿਤ ਕੀਤਾ। ਸਭ ਤੋਂ ਵੱਧ ਲੋਕਾਂ ਨੇ ਬ੍ਰਿਸਬੇਨ ਤੋਂ ਪਲਾਇਨ ਕੀਤਾ। ਜਦਕਿ ਮੈਲਬਰਨ ਦੇ ਮੈਲਟਨ ਅਤੇ ਵੇਨਧਮ ਤੋਂ ਲੋਕ ਸਭ ਤੋਂ ਵੱਧ ਨੇੜਲੇ ਮੂਰਾਬੂਲ ਅਤੇ ਗ੍ਰੇਟ ਗੀਲੋਂਡ ’ਚ ਗਏ। ਰੀਜਨਲ ਆਸਟ੍ਰੇਲੀਆ ਇੰਸਟੀਚਿਊਟ ਦੇ ਪ੍ਰਮੁੱਖ ਅਰਥ ਸ਼ਾਸਤਰੀ ਕਿਮ ਹੌਗਟਨ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ ’ਚੋਂ ਜ਼ਿਆਦਾਤਰ ਨੌਜੁਆਨ ਲੋਕ ਨਿਕਲ ਰਹੇ ਹਨ ਜਿਨ੍ਹਾਂ ਨੂੰ ਰਹਿਣ ਲਈ ਸਸਤੀਆਂ ਥਾਵਾਂ ਦੀ ਲੋੜ ਹੈ।

Leave a Comment