ਆਸਟ੍ਰੇਲੀਆ ’ਚ ਉਮੀਦ ਨਾਲੋਂ ਜ਼ਿਆਦਾ ਰਹੀ Inflation, ਜਾਣੋ ਵਿਆਜ ਦਰਾਂ ਬਾਰੇ RBA ਨੇ ਕੀ ਕਿਹਾ

ਮੈਲਬਰਨ: Inflation ਦੇ ਨਵੇਂ ਅੰਕੜਿਆਂ ਅਨੁਸਾਰ ਸਤੰਬਰ 2023 ਨੂੰ ਖ਼ਤਮ ਹੋਈ ਤਿਮਾਹੀ ਵਿੱਚ ਖਪਤਕਾਰ ਮੁੱਲ ਸੂਚਕ ਅੰਕ (CPI) 1.2 ਪ੍ਰਤੀਸ਼ਤ ਅਤੇ ਸਾਲਾਨਾ 5.4 ਪ੍ਰਤੀਸ਼ਤ ਵਧਿਆ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਵਲੋਂ ਵਿਆਜ ਦਰਾਂ ’ਚ ਵਾਧਾ ਕਰਨ ਦਾ ਡਰ ਵੀ ਵਧਿਆ  ਹੈ।

ਆਸਟ੍ਰੇਲੀਆਈ ਬਿਊਰੋ ਆਫ਼ ਸਟੈਟਿਸਟਿਕਸ (ABS) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਤੰਬਰ ਤਿਮਾਹੀ ਦੌਰਾਨ ਕੀਮਤਾਂ ’ਚ ਹੋਏ ਵਾਧੇ ’ਚ ਸਭ ਤੋਂ ਮਹੱਤਵਪੂਰਨ ਯੋਗਦਾਨ ਆਟੋਮੋਟਿਵ ਫ਼ਿਊਲ (+7.2 ਪ੍ਰਤੀਸ਼ਤ), ਕਿਰਾਏ (+2.2 ਪ੍ਰਤੀਸ਼ਤ), ਖਰੀਦੇ ਗਏ ਨਵੇਂ ਨਿਵਾਸ (+1.3 ਪ੍ਰਤੀਸ਼ਤ) ਅਤੇ ਬਿਜਲੀ (+4.2 ਪ੍ਰਤੀਸ਼ਤ) ਦਾ ਰਿਹਾ। ਭੋਜਨ ਦੀਆਂ ਕੀਮਤਾਂ (+0.6 ਪ੍ਰਤੀਸ਼ਤ) ਵੀ ਇਸ ਤਿਮਾਹੀ ਵਿੱਚ ਵਧੀਆਂ, ਸਤੰਬਰ 2021 ਤੋਂ ਬਾਅਦ ਇਹ ਵਾਧਾ ਸਭ ਤੋਂ ਨਰਮ ਤਿਮਾਹੀ ਵਾਧਾ ਹੈ।

ਏ.ਬੀ.ਐਸ. ਮੁਖੀ ਮਿਸ਼ੇਲ ਮਾਰਕੁਆਰਡਟ ਨੇ ਕਿਹਾ ਕਿ ਕੀਮਤਾਂ ’ਚ ਵਾਧਾ ਜੂਨ ਤਿਮਾਹੀ ਦੇ ਮੁਕਾਬਲੇ ਵੱਧ ਸੀ ਪਰ 2022 ਦੌਰਾਨ ਦੇਖੇ ਗਏ ਕੁਝ ਵਾਧਿਆਂ ਨਾਲੋਂ ਫਿਰ ਵੀ ਘੱਟ ਰਿਹਾ। ਉਨ੍ਹਾਂ ਕਿਹਾ, ‘‘ਜ਼ਿਆਦਾਤਰ ਚੀਜ਼ਾਂ ਅਤੇ ਸੇਵਾਵਾਂ ਲਈ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ, ਪਰ ਬੱਚਿਆਂ ਦੀ ਦੇਖਭਾਲ, ਸਬਜ਼ੀਆਂ, ਅਤੇ ਘਰੇਲੂ ਛੁੱਟੀਆਂ ਦੌਰਾਨ ਯਾਤਰਾ ਅਤੇ ਰਿਹਾਇਸ਼ ਸਮੇਤ ਕੁਝ ਚੀਜ਼ਾਂ ’ਚ ਗਿਰਾਵਟ ਵੀ ਆਈ।’’

ਇਹ ਅੰਕੜੇ ਉਮੀਦਾਂ ਤੋਂ ਥੋੜੇ ਉੱਪਰ ਆਏ ਹਨ ਅਤੇ RBA ਲਈ ਮਾਮਲਿਆਂ ਨੂੰ ਗੁੰਝਲਦਾਰ ਬਣਾ ਸਕਦੇ ਹਨ ਕਿਉਂਕਿ ਇਹ ਮਹਿੰਗਾਈ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਭਾਵੇਂ ਮਹਿੰਗਾਈ ਆਪਣੇ ਸਿਖਰ ਤੋਂ ਯਕੀਨਨ ਤੌਰ ’ਤੇ ਹੇਠਾਂ ਆ ਰਹੀ ਹੈ, ਪਰ ਇਹ ਕੇਂਦਰੀ ਬੈਂਕ ਦੇ 2-3 ਪ੍ਰਤੀਸ਼ਤ ਦੇ ਟੀਚੇ ਤੋਂ ਕਾਫ਼ੀ ਉੱਪਰ ਹੈ।

RBA ਮਹਿੰਗਾਈ ਦਰ ਨੂੰ ਕੰਟਰੋਲ ’ਚ ਰੱਖਣ ਲਈ ਵਿਆਜ ਦਰਾਂ ਵਿੱਚ ਵਾਧਾ ਕਰ ਰਿਹਾ ਹੈ ਹਾਲਾਂਕਿ ਇਹ ਦਰਾਂ ਨੂੰ ਵਧਾਉਣ ਦੀ ਹੱਦ ਦੇ ਨੇੜੇ ਹੋਣ ਕਾਰਨ ਲਗਾਤਾਰ ਚਾਰ ਮਹੀਨਿਆਂ ਤੋਂ ਵਿਆਜ ਦਰਾਂ ਨਾਲ ਛੇੜਛਾੜ ਤੋਂ ਗੁਰੇਜ਼ ਕਰ ਰਿਹਾ ਹੈ। ਪਿਛਲੇ ਹਫ਼ਤੇ ਆਰ.ਬੀ.ਏ. ਦੇ ਗਵਰਨਰ ਮਿਸ਼ੇਲ ਬਲੌਕ ਨੇ ਕਿਹਾ ਸੀ ਕਿ ਜੇਕਰ ਮਹਿੰਗਾਈ ਦਰ ਵਧਦੀ ਰਹਿੰਦੀ ਹੈ ਤਾਂ ਬੋਰਡ ਨਕਦ ਦਰ ਨੂੰ ਹੋਰ ਵਧਾਉਣ ਤੋਂ ਸੰਕੋਚ ਨਹੀਂ ਕਰੇਗਾ।

Leave a Comment